ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ (farmer Shubkaran Singh) ਦੀ ਮੌਤ ਦੇ ਮਾਮਲੇ ’ਚ ਕੇਸ ਦਰਜ ਨਾ ਕੀਤੇ ਜਾਣ ਕਾਰਨ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਕੀਤਾ ਜਾ ਸਕਿਆ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ੁਭਕਰਨ ਦੀ ਮੌਤ ਦੀ ਘਟਨਾ ਹਰਿਆਣਾ ’ਚ ਵਾਪਰੀ ਹੈ ਜਿਸ ਕਰਕੇ ਇਸ ਸਬੰਧੀ ਕੋਈ ਵੀ ਕਾਰਵਾਈ ਹਰਿਆਣਾ ਪੁਲਿਸ ਵੱਲੋਂ ਹੀ ਕੀਤੀ ਜਾਣੀ ਬਣਦੀ ਹੈ।
ਸੂਤਰਾਂ ਮੁਤਾਬਕ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਦੀ ਮੌਤ ਕਿਵੇਂ ਹੋਈ, ਇਹ ਜਾਂਚ ਦਾ ਵਿਸ਼ਾ ਹੈ, ਪਰ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਸ ਦੀ ਮੌਤ ਵਾਲਾ ਸਥਾਨ ਹਰਿਆਣਾ ਦੇ ਜ਼ਿਲ੍ਹਾ ਜੀਂਦ ਅਧੀਨ ਪੈਂਦੇ ਥਾਣਾ ਗੜ੍ਹੀ ਅਧੀਨ ਆਉਂਦਾ ਹੈ ਜਿਸ ਕਰਕੇ ਲਾਸ਼ ਦਾ ਪੋਸਟਮਾਰਟਮ ਤੇ ਇਸ ਸਬੰਧੀ ਕਾਰਵਾਈ ਹਰਿਆਣਾ ਪੁਲਿਸ ਹੀ ਕਰੇਗੀ।
ਸ਼ੁਭਕਰਨ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਨੇਤਾ ਉਸ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸ ਦਰਜ ਹੋਏ ਬਿਨਾਂ ਉਹ ਨਾ ਹੀ ਸਸਕਾਰ ਕਰਨਗੇ ਤੇ ਨਾ ਹੀ ਪੋਸਟਮਾਰਟਮ ਕਰਨ ਦੇਣਗੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਪੰਜਾਬ ਦੀ ਹੱਦ ਨਹੀਂ ਸੀ ਟੱਪਿਆ ਪਰ ਭੜਕੀ ਹੋਈ ਹਰਿਆਣਾ ਪੁਲਿਸ ਨੇ ਜਦੋਂ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਤਾਂ ਉਦੋਂ ਹੀ ਸ਼ੁਭਕਰਨ ਦੇ ਸਿਰ ’ਚ ਗੋਲੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ।