ਸ਼ੰਭੂ ਬਾਰਡਰ ‘ਤੇ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ।ਜਿਸ ਨਾਲ ਇਲਾਕੇ ‘ਚ ਸੋਗ ਦਾ ਮਾਹੌਲ ਹੈ।ਦੱਸ ਦੇਈਏ ਕਿ ਪਿੰਡ ਮਨਸੂਰ ਦੇਵਾ ਤੋਂ ਟਰਾਲੀ ‘ਤੇ ਰਵਾਨਾ ਹੋਏ 20-25 ਵਿਅਕਤੀਆਂ ‘ਚੋਂ ਇਕ ਨੌਜਵਾਨ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਪਿੰਡ ਮਨਸੂਰਦੇਵਾ ਨਿਵਾਸੀ ਗੁਰਜੰਟ ਸਿੰਘ ਬੱਬੂ ਪੁੱਤਰ ਸਵਰਗਵਾਸੀ ਨਛੱਤਰ ਸਿੰਘ ਜੋ ਕਿ ਬੀਤੀ ਸ਼ਾਮ ਪਿੰਡ ਦੇ ਵਿਅਕਤੀਆਂ ਨਾਲ ਟਰੈਕਟਰ ਟਰਾਲੀ ‘ਤੇ ਖਨੌਰੀ ਬਾਰਡਰ ਲਈ ਰਵਾਨਾ ਹੋਏ ਸੀ ਅਤੇ ਜਦੋਂ ਉਹ ਰਾਜਪੁਰਾ ਦੇ ਨਜ਼ਦੀਕ ਪਹੁੰਚੇ ਉਨ੍ਹਾਂ ਦਾ ਭਿਆਨਕ ਸੜਕ ਹਾਦਸਾ ਹੋ ਗਿਆ।ਹਾਦਸੇ ‘ਚ ਨੌਜਵਾਨ ਗੁਰਜੰਟ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪਿੰਡ ਦੇ ਸਾਬਕਾ ਮੈਂਬਰ ਪੰਚਾਇਤ ਦਾ ਕਹਿਣਾ ਹੈ ਬੀਤੇ ਕੱਲ੍ਹ ਕਿਸਾਨ ਧਰਨੇ ‘ਚ ਸ਼ਾਮਿਲ ਹੋਣ ਲਈ ਰਵਾਨਾ ਹੋਏ ਸਨ, ਜਿਨ੍ਹਾਂ ਨਾਲ ਰਾਜਪੁਰਾ ਨਜ਼ਦੀਕ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ‘ਚ ਪਿੰਡ ਦੇ ਨੌਜਵਾਨ ਗੁਰਜੰਟ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।
ਗੁਰਜੰਟ ਸਿੰਘ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਮ੍ਰਿਤਕ ਗੁਰਜੰਟ ਮਾਤਾ ਦਾ ਇਕਲੌਤਾ ਪੁੱਤ ਸੀ । ਘਰ ਦਾ ਗੁਜ਼ਾਰਾ ਇਸੇ ਦੇ ਸਿਰੋਂ ਚੱਲਦਾ ਸੀ।ਬਜ਼ੁਰਗ ਮਾਂ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਾਉਂਦਿਆਂ ਉਨ੍ਹਾਂ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਮ੍ਰਿਤਕ ਗੁਰਜੰਟ ਸਿੰਘ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ।