ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ (Maryam Nawaz) ਪੰਜਾਬ ਪ੍ਰਾਂਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ।
ਪੀਐਮਐਲ-ਐਨ ਦੀ 50 ਸਾਲਾ ਸੀਨੀਅਰ ਮੀਤ ਪ੍ਰਧਾਨ ਮਰੀਅਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦਾ ਸਮਰਥਨ ਪ੍ਰਾਪਤ ਸੁੰਨੀ ਇਤੇਹਾਦ ਕਾਊਂਸਲ (ਐਸਆਈਸੀ) ਦੇ ਚੁਣੇ ਗਏ ਨੁਮਾਇੰਦਿਆਂ ਦੇ ਵਾਕਆਊਟ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਚੋਣ ਜਿੱਤੀ।
ਮਰੀਅਮ ਪੀਟੀਆਈ ਦਾ ਸਮਰਥਨ ਪ੍ਰਾਪਤ ਸੁੰਨੀ ਇਤੇਹਾਦ ਕਾਊਂਸਲ (ਐਸਆਈਸੀ) ਦੇ ਰਾਣਾ ਆਫ਼ਤਾਬ ਨੂੰ ਹਰਾ ਕੇ ਸਿਆਸੀ ਤੌਰ ’ਤੇ ਅਹਿਮ ਮੰਨੇ ਜਾਂਦੇ ਪੰਜਾਬ ਪ੍ਰਾਂਤ ਦੀ ਮੁੱਖ ਮੰਤਰੀ ਬਣੀ। ਮਰੀਅਮ ਨੂੰ 220 ਵੋਟਾਂ ਮਿਲੀਆਂ ਜਦਕਿ ਰਾਣਾ ਆਫ਼ਤਾਬ ਨੂੰ ਕੋਈ ਵੋਟ ਨਹੀਂ ਮਿਲੀ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਇਸ ਚੋਣ ਦਾ ਬਾਈਕਾਟ ਕਰ ਦਿੱਤਾ ਸੀ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਆਬਾਦੀ 12 ਕਰੋੜ ਹੈ।
327 ਸੀਟਾਂ ਵਾਲੇ ਇਸ ਸਦਨ ਵਿੱਚ ਬਹੁਮੱਤ ਹਾਸਲ ਕਰਨ ਲਈ 187 ਵੋਟਾਂ ਦੀ ਲੋੜ ਸੀ। ਮਰੀਅਮ ਨੇ ਸਦਨ ਵਿੱਚ 220 ਵੋਟਾਂ ਹਾਸਲ ਕਰ ਕੇ ਬਹੁਮੱਤ ਸਾਬਿਤ ਕਰ ਦਿੱਤਾ। ਮਰੀਅਮ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਰਗੇ ਮੁਸ਼ਕਿਲ ਹਾਲਾਤ ਵੀ ਦੇਖਣੇ ਪਏ ਪਰ ਉਹ ਆਪਣੇ ਵਿਰੋਧੀਆਂ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਉਨ੍ਹਾਂ ਨੂੰ ਮਜ਼ਬੂਤ ਬਣਾਇਆ।