ਨਰਿੰਦਰ ਪਾਲ ਸਿੰਘ ਜਗਦਿਓ ਨੇ ਜੀਵਨ ਦੇ ਤਜ਼ਰਬਿਆਂ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਬਾਤਾਂ ਪਾਉਣ ਵਾਲੀ ਕਿਤਾਬ “ਵਾਹ ਜ਼ਿੰਦਗੀ !” ਦੀਆਂ ਕਾਪੀਆਂ ਏ.ਐਸ.ਕਾਲਜ, ਖੰਨਾ ਦੀ ਲਾਇਬ੍ਰੇਰੀ ਲਈ ਭੇਂਟ ਕੀਤੀਆਂ ਹਨ। ਲੇਖਕ ਕਾਲਜ ਦੇ ਕਾਮਰਸ ਵਿਭਾਗ ਦੇ ਸਾਲ 1997-2000 ਦੌਰਾਨ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਤਾਬ ਦੀਆਂ ਕਾਪੀਆਂ ਆਪਣੇ ਅਧਿਆਪਕ ਅਤੇ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਡਾਕਟਰ ਕਮਲ ਕੁਮਾਰ ਸ਼ਰਮਾ ਨੂੰ ਸੌਂਪੀਆਂ।
ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿੱਚ ਸੂਚਨਾ ਅਤੇ ਲੋਕ ਸੰਪਰਕ ਅਫਸਰ (ਪੀ.ਆਰ.ਓ) ਦੇ ਅਹੁਦੇ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ ਅਤੇ ਮੌਜੂਦਾ ਸਮੇਂ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਚ ਲੋਕ ਸਭਾ ਚੋਣਾਂ-2024 ਲਈ ਪੀ.ਆਰ.ਓ ਦੀਆਂ ਸੇਵਾਵਾਂ ਨਿਭਾ ਰਹੇ ਹਨ।
ਲੇਖਕ ਦਾ ਕਹਿਣਾ ਹੈ ਕਿ ਇਹ ਕਿਤਾਬ ਹਰ ਉਮਰ ਵਰਗ ਦੇ ਪਾਠਕਾਂ ਨੂੰ ਨਾਲ ਜੋੜਨ ਦੀ ਤਾਕਤ ਰੱਖਦੀ ਹੈ ਪਰ ਵਿਦਿਆਰਥੀਆਂ ਲਈ ਇਹ ਖਾਸ ਹੈ ਕਿਉਂ ਕਿ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਿਲਾਂ ਰਾਹਾਂ ਨੂੰ ਪਾਰ ਕਰਨ ਲਈ ਸਾਨੂੰ ਛੋਟੇ ਜਿਹੇ ਸਹਾਰੇ, ਹੌਂਸਲੇ ਜਾਂ ਫਿਰ ਹਿੰਮਤ ਭਰੇ ਦੋ ਸ਼ਬਦਾਂ ਦੀ ਲੋੜ ਹੁੰਦੀ ਹੈ ਅਤੇ ਵਿਦਿਆਰਥੀਆਂ/ਪਾਠਕਾਂ ਨੂੰ ਇਹ ਸਾਰਾ ਕੁਝ “ਵਾਹ ਜ਼ਿੰਦਗੀ !” ਦੇ ਪੰਨਿਆਂ ‘ਚੋਂ ਮਿਲ ਜਾਵੇਗਾ। ਕਿਤਾਬ ਪਾਠਕਾਂ ਨੂੰ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਤਾਬ ਉਦਾਹਰਣਾਂ, ਨਿੱਜੀ ਤਜਰਬਿਆਂ ਅਤੇ ਛੋਟੀਆਂ-ਛੋਟੀਆਂ ਕਹਾਣੀਆਂ ਨਾਲ ਗੱਲ ਨੂੰ ਅੱਗੇ ਤੋਰਦੀ ਹੈ ਜਿਸ ਨਾਲ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰਦੇ ਹਨ। ਇਸ ਕਿਤਾਬ ਵਿਚ 50 ਲੇਖ ਸ਼ਾਮਲ ਹਨ ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਵਿਲੱਖਣ ਤੇ ਰੌਚਕ ਸ਼ੈਲੀ ਵਿਚ ਪੇਸ਼ ਕਰਦੇ ਹਨ।
ਪ੍ਰਿੰਸੀਪਲ ਡਾਕਟਰ ਕਮਲ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਰਾਣੇ ਵਿਦਿਆਰਥੀ ਜਦੋਂ ਕੋਈ ਪ੍ਰਾਪਤੀ ਹਾਸਿਲ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਤਾਬ ਲਈ ਲੇਖਕ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਸਾਹਿਤਕ ਸੇਵਾ ਲਈ ਪ੍ਰੇਰਿਤ ਕੀਤਾ। ਜਗਦਿਓ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਲਿਖਤ ਕਾਲਜ ਦੇ ਮੈਗਜ਼ੀਨ ਵਿੱਚ ਛਪੀ ਸੀ ਅਤੇ ਉਥੋਂ ਹੀ ਉਨ੍ਹਾਂ ਨੂੰ ਲਿਖਣ ਦੀ ਚੇਟਕ ਲੱਗੀ।
ਕਬਿਲੇਗੌਰ ਹੈ ਕਿ ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ (ਲੋਕਗੀਤ ਪ੍ਰਕਾਸ਼ਨ) ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਅਮਰੀਕਾ-ਕੈਨੇਡਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਉਪਲੱਬਧ ਹੈ। ਆਸਟ੍ਰੇਲੀਆ ਵਿਚ ਵੀ ਇਹ ਕਿਤਾਬ ਆਨਲਾਈਨ https://kitabvala.com.au/ ‘ਤੇ ਉਪਲੱਬਧ ਹੈ। ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲੇਖਕ ਵਜੋਂ ਜਗਦਿਓ ਦੀ ਪਹਿਲਾਂ ਹੀ ਚੰਗੀ ਪਛਾਣ ਹੈ। ਟੀਵੀ ਖੇਤਰ ਵਿਚ ਵੀ ਉਨ੍ਹਾਂ ਚੰਗਾ ਨਾਮਣਾ ਖੱਟਿਆ ਹੈ। ਜ਼ੀ ਪੰਜਾਬੀ ਦੇ ਮਕਬੂਲ ਪ੍ਰੋਗਰਾਮ ‘ਇਕ ਖਾਸ ਮੁਲਾਕਾਤ’ ਦੇ ਉਹ ਤਕਰੀਬਨ ਦੋ ਸਾਲ ਐਂਕਰ ਰਹੇ ਹਨ।