ਕਿਸਾਨੀ ਨਾਲ ਜੁੜੇ ਸਾਰੇ ਮਸਲਿਆਂ ਦਰਮਿਆਨ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਨਾਜ਼ੁਕ ਮੋੜ ‘ਤੇ ਹੈ। ਚਾਰ ਦੌਰ ਦੀ ਗੱਲਬਾਤ ਨਾਕਾਮ ਹੋਣ ਅਤੇ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਗੁੱਸੇ ਵਿੱਚ ਹਨ। ਕਿਸਾਨ ਆਗੂਆਂ ਦੀ 3 ਮਾਰਚ ਨੂੰ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲਾਂ ਰੋਕਣ ਲਈ ‘ਰੇਲ ਰੋਕੋ’ ਧਰਨਾ ਦਿੱਤਾ ਜਾਵੇਗਾ।
ਉਦੋਂ ਤੱਕ ਸਾਰੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਬੈਠੇ ਰਹਿਣਗੇ। ਇਸ ਤੋਂ ਪਹਿਲਾਂ 26 ਫਰਵਰੀ ਨੂੰ ਯੂਪੀ ਅਤੇ ਪੰਜਾਬ ਸਮੇਤ ਕਈ ਥਾਵਾਂ ‘ਤੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਸੀ। ਮੀਟਿੰਗ ਤੋਂ ਬਾਅਦ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਵੱਲੋਂ ਵੀ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦੌਰਾਨ ਕਿਸਾਨਾਂ ਨੇ ਸਰਕਾਰ ਵੱਲੋਂ ਦਿੱਤੇ ਗੱਲਬਾਤ ਦੇ ਸੱਦੇ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਹੈ।
ਮ੍ਰਿਤਕ ਕਿਸਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਹੋਵੇਗੀ।ਇਸਦੇ ਲਈ 3 ਮੈਂਬਰੀ ਕਮੇਟੀ ਬਣਾਈ ਜਾਵੇਗੀ। ਹਾਈਕੋਰਟ ਨੇ ਇਸ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਹੱਥਾਂ ‘ਚ ਤਲਵਾਰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕੌਣ ਕਰਦਾ ਹੈ?
ਪੰਜਾਬ ਹਰਿਆਣਾ ਹਾਈਕੋਰਟ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਫਟਕਾਰ ਲਗਾਈ ਹੈ।ਕੋਰਟ ਨੇ ਕਿਹਾ, ਬੜੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਲੋਕ ਬੱਚਿਆਂ ਨੂੰ ਅੱਗੇ ਕਰ ਰਹੇ ਹੋ… ਕਿਹੋ ਜੇ ਮਾਤਾ ਪਿਤਾ ਹੋ.. ਬੱਚਿਆਂ ਦੀ ਆੜ ‘ਚ ਪ੍ਰਦਰਸ਼ਨ ਅਤੇ ਉਹ ਵੀ ਹਥਿਆਰਾਂ ਨਾਲ, ਤੁਸੀਂ ਲੋਕਾਂ ਇਥੇ ਖੜ੍ਹੇ ਹੋਣ ਤੱਕ ਦਾ ਅਧਿਕਾਰ ਨਹੀਂ, ਤੁਸੀਂ ਇਥੇ ਕੋਈ ਜੰਗ ਕਰਨ ਜਾ ਰਹੇ ਹੋ? ਇਹ ਪੰਜਾਬ ਦਾ ਕਲਚਰ ਨਹੀਂ… ਤੁਸੀਂ ਲੋਕ ਨਿਰਦੋਸ਼ ਲੋਕਾਂ ਨੂੰ ਅੱਗੇ ਕਰ ਰਹੇ ਹੋ… ਤੁਹਾਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ।