ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਉਲੀਕੀ ਗਈ ਦੋ ਰੋਜ਼ਾ ਸੂਬਾਈ ਹੜਤਾਲ ਵਾਪਸ ਲੈ ਲਈ ਗਈ ਹੈ। ਹੁਣ 13 ਮਾਰਚ ਨੂੰ ਵੀ ਸਰਕਾਰੀ ਬੱਸਾਂ ਆਮ ਵਾਂਗ ਚੱਲਣਗੀਆਂ।
ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹੋਰ ਅਹੁਦੇਦਾਰਾਂ ਅਤੇ ਟਰਾਂਸਪੋਰਟ ਵਿਭਾਗ ਦੇ ਸੂਬਾਈ ਡਾਇਰੈਕਟਰ ਤੇ ਪੀ.ਆਰ.ਟੀ.ਸੀ. ਦੇ ਐੱਮਡੀ ਵਿਚਾਲੇ ਮੀਟਿੰਗ ਹੋਈ।
ਇਸ ਦੌਰਾਨ ਰਿਜੈਕਟ ਸਾਥੀ ਅਤੇ ਪਨਬੱਸ ਦੇ ਬਲੈਕਲਿਸਟ ਸਾਥੀਆਂ ਨੂੰ ਬਹਾਲ ਕਰਨ, ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਫਾਰਗੀ ਸਮੇਂ ਦੀ ਤਨਖਾਹ ਉਤੇ ਬਹਾਲ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੰਟਰੈਕਟ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਕੰਟਰੈਕਟ ਰੀਸਟੋਰ ਕਰਨ ਸਬੰਧੀ ਸਰਕਾਰ ਕੋਲੋਂ ਮਨਜ਼ੂਰੀ ਲੈਣ ਅਤੇ ਡਿਊਟੀ ’ਤੇ ਲੈਣ ਦਾ ਵੀ ਭਰੋਸਾ ਦਿੱਤਾ ਗਿਆ।
ਇਸੇ ਤਰ੍ਹਾਂ ਕੁਝ ਹੋਰ ਮੰਗਾਂ ਉਤੇ ਵੀ ਦੋਵਾਂ ਧਿਰਾਂ ਵਿਚ ਸਹਿਮਤੀ ਬਣਨ ਉਤੇ ਦੋ ਰੋਜ਼ਾ ਹੜਤਾਲ ਵਾਪਸ ਲੈ ਲਈ ਗਈ ਹੈ।