ਖਨੌਰੀ ਬਾਰਡਰ ‘ਤੇ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਨਾਲ ਸਬੰਧਤ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੀ.ਜੀ.ਆਈ. ਚੰਡੀਗੜ੍ਹ ਅਤੇ ਰੋਹਤਕ ਦੇ ਮੈਡੀਕਲ ਬੋਰਡ ਦੀ ਟੀਮ ਨੇ ਜ਼ਖ਼ਮੀ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਮੈਡੀਕਲ ਬੋਰਡ ਵੱਲੋਂ ਸਰੀਰਕ ਤਸ਼ੱਦਦ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ।
ਦੱਸ ਦਈਏ ਕਿ ਖਨੌਰੀ ਬਾਰਡਰ ‘ਤੇ ਕਿਸਾਨਾਂ ਅਤੇ ਪੈਰਾ ਮਿਲਟਰੀ ਫੋਰਸ ਵਿਚਾਲੇ ਹੋਏ ਝੜਪ ‘ਚ ਜ਼ਖਮੀ ਹੋਏ ਪ੍ਰਿਤਪਾਲ ਸਿੰਘ ਦੇ ਪਿਤਾ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਮੈਡੀਕਲ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਸੀ। ਇਸ ਮੈਡੀਕਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਿਤਪਾਲ ਸਿੰਘ ਜ਼ੋਰਦਾਰ ਬਲ ਦੀ ਵਰਤੋਂ ਕਾਰਨ ਜ਼ਖ਼ਮੀ ਹੋਇਆ ਹੈ। ਉਸ ਨੂੰ ਚਾਰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਸੱਟਾਂ ਲਗਭਗ ਦੋ ਹਫ਼ਤੇ ਪੁਰਾਣੀਆਂ ਸਨ।
ਇਸ ਰਿਪੋਰਟ ਦੇ ਮੱਦੇਨਜ਼ਰ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਵਰਣਨਯੋਗ ਹੈ ਕਿ ਪੀੜਤ ਦੇ ਪਿਤਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ 21 ਫਰਵਰੀ ਦੀ ਦੁਪਹਿਰ ਨੂੰ ਉਸ ਦੇ ਪੁੱਤਰ ਅਤੇ ਹੋਰ ਵਿਅਕਤੀਆਂ ‘ਤੇ ਹਮਲਾ ਕਰਨ ਤੋਂ ਪਹਿਲਾਂ ਹਰਿਆਣਾ ਪੁਲਿਸ ਪੰਜਾਬ ਦੇ ਅੰਦਰ ਆਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਦੇ ਲੜਕੇ ਨੇ ਉਸ ਨੂੰ ਬੋਰੀ ਵਿਚ ਪਾ ਕੇ ਕੁੱਟਿਆ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ।