ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਪੁੱਤਰਾਂ ਦੀਆਂ 4.58 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਈਡੀ ਨੇ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਅਸਥਾਈ ਤੌਰ ਉਤੇ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੇ ਤਹਿਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਐਫ.ਆਈ.ਆਰ. ਦਰਜ ਕੀਤੀ ਸੀ ਜਿਸ ਦੇ ਅਧਾਰ ਉਤੇ ਈਡੀ ਨੇ ਪੜਤਾਲ ਕੀਤੀ ਸੀ।ਕੇਂਦਰੀ ਏਜੰਸੀ ਨੇ ਕਾਲੇ ਧਨ ਨੂੰ ਕਾਨੂੰਨੀ ਬਣਾਉਣ ਸਬੰਧੀ ‘ਮਨੀ ਲਾਂਡਰਿੰਗ ਰੋਕੂ ਕਾਨੂੰਨ’ (ਪੀਐਮਐਲਏ) ਦੇ ਤਹਿਤ ਜਾਂਚ ਵਿਚ ਪਾਇਆ ਕਿ ਸਾਬਕਾ ਮੰਤਰੀ ਧਰਮਸੋਤ ਨੇ ਪਹਿਲੀ ਮਾਰਚ, 2016 ਤੋਂ 31 ਮਾਰਚ, 2022 ਤੱਕ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦਾਂ ਬਣਾਈਆਂ ਹਨ। ਜਦੋਂ ਧਰਮਸੋਤ ਜੰਗਲਾਤ ਮੰਤਰੀ ਸਨ, ਉਦੋਂ ਪ੍ਰਾਪਤ ਜਾਇਦਾਦਾਂ ਨੂੰ ਵੀ ਇਸ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ।