ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਸੋਢੀਵਾਲਾ ਉਗੋਕੇ ਦੇ ਨੌਜਵਾਨ ਨੂੰ ਨਾਜਾਇਜ਼ ਸਬੰਧਾਂ ਦੇ ਚਲਦਿਆਂ ਗੁਆਂਢੀ ਪਿੰਡ ‘ਚ ਰਾਤ ਸਮੇਂ ਘਰ ਦਾਖ਼ਲ ਹੋਣ ਕਾਰਨ ਬਜ਼ੁਰਗ ਤੇ ਨੌਜਵਾਨ ਵਲੋਂ ਕੁੱਟਮਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਗੁਰਬਖਸ਼ ਸਿੰਘ ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਪਿੰਡ ਉਹਦੇ ਘਰ ਚਲਾ ਗਿਆ ਜਿਸ ਦੀ ਭਿਣਕ ਲੜਕੀ ਦੇ ਪਰਿਵਾਰ ਨੂੰ ਲੱਗ ਗਈ। ਉਨ੍ਹਾਂ ਨੇ ਉਸ ਦੀ ਕੁੱਟ ਮਾਰ ਕੀਤੀ ਜਿਸ ਵਿੱਚ ਉਹ ਗੰਭੀਰ ਜਖਮੀ ਹੋ ਗਿਆ। ਉਸ ਨੂੰ ਚੁੱਕ ਕੇ ਟੋਹਾਣਾ ਉਸ ਦੇ ਨਾਨਕੇ ਛੱਡਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਘੱਗਾ ਪੁਲਸ ਵਲੋਂ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਸੋਢੀਵਾਲਾ ਉਗੋਕੇ ਦੇ ਨੌਜਵਾਨ ਗੁਰਬਖਸ਼ ਸਿੰਘ ਦੀ ਨੇੜਲੇ ਪਿੰਡ ਸਧਾਰਨਪੁਰ ਦੀ ਇਕ ਲੜਕੀ ਨਾਲ ਗੱਲਬਾਤ ਸੀ, ਜੋ ਰਾਤ ਸਮੇਂ ਉਸ ਨੂੰ ਘਰ ਮਿਲਣ ਲਈ ਗਿਆ ਸੀ। ਜਿਥੇ ਰਾਤ ਸਮੇਂ ਲੜਕੀ ਦੇ ਦਾਦੇ ਤੇ ਭਰਾ ਨੇ ਨੌਜਵਾਨ ਦੀ ਇੱਟਾਂ-ਰੋੜਿਆਂ ਨਾਲ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਿਥੀ ਸਿੰਘ ਦੇ ਬਿਆਨਾਂ ‘ਤੇ ਪੁਲਿਸ ਵਲੋਂ ਥਾਣਾ ਘੱਗਾ ‘ਚ ਕਥਿਤ ਦੋਸ਼ੀਆਂ ਜੈਮਲ ਸਿੰਘ ਪੁੱਤਰ ਛੋਟੂ ਰਾਮ, ਗੁਰਜੰਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਸਧਾਰਨਪੁਰ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਘੱਗਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਵਿਅਕਤੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।