ਪੰਜਾਬ ‘ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲ ਰਿਹਾ ਹੈ। ਇਸ ਦੌਰਾਨ ਅੱਜ ਬਾਅਦ ਦੁਪਹਿਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਕਾਲੇ ਬੱਦਲ ਛਾ ਗਏ ਅਤੇ ਕਈ ਥਾਵਾਂ ’ਤੇ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਗੜੇਮਾਰੀ ਦੇ ਨਾਲ-ਨਾਲ ਮੀਂਹ ਵੀ ਪਿਆ ਹੈ। ਮੀਂਹ ਦੇ ਨਾਲ-ਨਾਲ ਤੂਫ਼ਾਨ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।
ਫ਼ਿਰੋਜ਼ਪੁਰ ਵਿੱਚ ਸ਼ੁੱਕਰਵਾਰ ਬਾਅਦ ਦੁਪਹਿਰ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਖਰਾਬ ਮੌਸਮ ਦੀ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ। ਅੱਜ ਦੁਪਹਿਰ ਤਿੰਨ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਪਰ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ।
ਦੱਸ ਦੇਈਏ ਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ। ਕਣਕ ਦੀ ਵਾਢੀ ਦਾ ਕੰਮ ਵੀ ਚੱਲ ਰਿਹਾ ਹੈ, ਅਜਿਹੇ ‘ਚ ਗੜੇਮਾਰੀ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਕਿਸਾਨਾਂ ਦੀ ਫਸਲ ਦੀ ਕਟਾਈ ਹੋਣੀ ਹੈ। ਗੜੇਮਾਰੀ ਕਾਰਨ ਕਣਕ ਦਾ ਦਾਣਾ ਜ਼ਮੀਨ ‘ਤੇ ਡਿੱਗ ਗਿਆ, ਅਜਿਹੇ ‘ਚ ਜੇਕਰ ਆਉਣ ਵਾਲੇ ਸਮੇਂ ‘ਚ ਹੋਰ ਮੀਂਹ ਅਤੇ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਮੌਸਮ ਮਾਹਿਰਾਂ ਅਨੁਸਾਰ ਇਹ ਗੜੇਮਾਰੀ ਬਹੁਤੀ ਨੁਕਸਾਨਦੇਹ ਨਹੀਂ ਹੈ ਪਰ ਜਿਸ ਤਰ੍ਹਾਂ ਪੱਛਮੀ ਗੜਬੜੀ ਸਰਗਰਮ ਹੈ, ਉਹ ਫ਼ਸਲਾਂ ਲਈ ਲਾਹੇਵੰਦ ਨਹੀਂ ਹੈ।