ਅੰਮ੍ਰਿਤਸਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਚੈਨਪੁਰ ਕੰਬਾਈਨ ਚਾਲਕ ਦੀ ਕਰੰਟ ਲੱਗਣ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕੰਬਾਈਨ ਚਾਲਕ ਕਣਕ ਦੀ ਵਾਢੀ ਕਰਨ ਆਇਆ ਸੀ, ਇਸ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫੋਰਮੈਨ ਕਾਲਾ ਸਿੰਘ (45) ਵਾਸੀ ਸੰਗਰੂਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਬ ਸਿੰਘ ਦੀ ਕਣਕ ਦੀ ਵਾਢੀ ਕਰਨ ਦੇ ਲਈ ਆਇਆ ਸੀ। ਜਦੋਂ ਪਿੰਡ ਚੈਨਪੁਰ ਦੇ ਨਵੇਂ ਬਣੇ ਪੁਲ ਕੋਲ ਕਿਸੇ ਹੋਰ ਵਾਹਨ ਨੂੰ ਰਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਕੰਬਾਈਨ ਬਿਜਲੀ ਦੀ ਤਾਰ ਨਾਲ ਟਕਰਾ ਗਈ, ਜਿਸ ਕਾਰਨ ਡਰਾਈਵਰ ਮੁਖ਼ਤਿਆਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਿੰਡ ਚੈਨਪੁਰ ਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਵਰਕੌਮ ਦੇ SDO ਚੋਗਾਵਾ ਨੂੰ 4 ਅਪ੍ਰੈਲ 2024 ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਪਰ ਪਾਵਰਕੌਮ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਅੱਜ ਇਹ ਦਰਦਨਾਕ ਹਾਦਸਾ ਵਾਪਰ ਗਿਆ। ਕਿਸਾਨ ਆਗੂ ਨੇ ਕਿਹਾ ਕਿ ਇਥੋਂ ਤੱਕ ਕਿ ਪਾਵਰ ਕੌਮ ਦੇ ਅਧਿਕਾਰੀ ਮੌਕਾ ਵੇਖਣ ਨੂੰ ਹੀ ਨਹੀਂ ਆਏ, ਜਿਸ ਕਾਰਨ ਅਸੀਂ ਮੰਗ ਕਰਦੇ ਹਾਂ ਕਿ ਇਸ ਹਲਕੇ ਦੇ JE ਰਵਿੰਦਰ ਪਾਲ ਸਿੰਘ ਦੇ 302 ਦਾ ਪਰਚਾ ਦਰਜ ਕੀਤਾ ਜਾਵੇ ਜਿਸ ਦੇ ਚਲਦੇ ਇੱਕ ਗਰੀਬ ਕਿਸਾਨ ਦੀ ਮੌਤ ਹੋ ਗਈ।