ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਫਗਵਾੜਾ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਦੌਰਾਨ ਸਿੱਧੂ ਨੇ ਲੋਕਾਂ ਨੂੰ ਆਗਾਮੀ ਚੋਣਾਂ ਨੂੰ ਲੈ ਕੇ ਸਮਝਦਾਰੀ ਨਾਲ ਵੋਟ ਪਾਉਣ ਦੀ ਅਪੀਲ ਕੀਤੀ, ਉਥੇ ਹੀ ਬਿਕਰਮ ਸਿੰਘ ਮਜੀਠੀਆ, ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ।
ਇਸ ਦੌਰਾਨ ਸਿੱਧੂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਰਲੇ ਹੋਏ ਹਨ ਅਤੇ ਜੇਕਰ ਤੁਸੀਂ ਹੁਣ ਅਕਾਲੀ ਦਲ ਨੂੰ ਵੋਟ ਪਾਉਂਦੇ ਹੋ ਤਾਂ ਉਹ ਭਾਜਪਾ ‘ਚ ਚਲੇ ਜਾਣਗੇ ਅਤੇ ਜੇਕਰ ਤੁਸੀਂ ਭਾਜਪਾ ਨੂੰ ਵੋਟ ਦਿਓਗੇ ਤਾਂ ਉਹ ਅਕਾਲੀ ਦਲ ਨੂੰ ਜਾਣਗੇ, ਇਸ ਲਈ ਸਮਝਦਾਰੀ ਨਾਲ ਵੋਟ ਕਰੋ।
ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸਿੱਧੂ ਨੇ ਕਿਹਾ ਕਿ ਅਫਸਰ ਬਦਲ ਗਏ ਤਾਂ ਮਜੀਠੀਆ ਹੁਣ ਫਰਾਰ ਹੋ ਗਿਆ ਹੈ। ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਮੌਸਮੀ ਨੇਤਾ ਦੱਸਦੇ ਹੋਏ ਕਿਹਾ ਕਿ ਉਹ ਮੌਸਮੀ ਡੱਡੂ ਹਨ ਜੋ ਮੌਸਮ ਬਦਲਣ ‘ਤੇ ਹੀ ਪੰਜਾਬ ਆਉਂਦੇ ਹਨ। ਸਾਢੇ 4 ਸਾਲ ਪਹਿਲਾਂ ਕਿੱਥੇ ਸੀ ਕੇਜਰੀਵਾਲ? ਪੰਜਾਬ ਵਿੱਚ ਆ ਕੇ ਝੂਠੇ ਵਾਅਦੇ ਕਰਨੇ ਹੀ ਜਾਣਦੇ ਹਨ।