ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਸੁਖਬੀਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ’ਚ ਵਾਪਰੀ ਘਟਨਾ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਹੈ। ਬੇਅਦਬੀ ਦੇ ਨਾਂ ‘ਤੇ ਸਿਰਫ ਸਿਆਸਤ ਹੋ ਰਹੀ ਹੈ ਕੋਈ ਇਨਸਾਫ ਨਹੀਂ ਮਿਲ ਰਿਹਾ। ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ “ਬੇਅਦਬੀਆਂ ‘ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ”। ਉਨ੍ਹਾਂ ਕਿਹਾ ਕਿ ਇਹ ਜੋ ਦਰਬਾਰ ਸਾਹਿਬ ਵਿਚ ਨੀਚ ਹਰਕਤ ਹੋਈ ਹੈ ਉਸ ਨੂੰ ਕੌਮ ਦਾ ਕੋਈ ਵੀ ਵਿਅਕਤੀ ਬਰਦਾਸਤ ਨਹੀਂ ਕਰ ਸਕਦਾ। ਦਰਬਾਰ ਸਾਹਿਬ ਵਿਚ ਨੀਚ ਹਰਕਤ ਕਰਨ ਵਾਲੇ ਮੁਲਜ਼ਮ ਦੀ ਲਾਸ਼ ਪੁਲਸ ਨੂੰ ਸੌਂਪੀ ਗਈ ਪਰ ਸਰਕਾਰ ਨੇ ਜਾਂਚ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਕੀਤੀ। ਸੁਖਬੀਰ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮਸਲੇ ‘ਤੇ 24 ਘੰਟਿਆਂ ‘ਚ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਡੀ. ਐੱਨ. ਏ. ਰਾਹੀਂ ਹਰ ਵਿਅਕਤੀ ਦਾ ਪਤਾ ਲਗਾਇਆ ਜਾ ਸਕਦਾ ਪਰ ਸਰਕਾਰ ਨੇ ਦੋ ਦਿਨਾਂ ਵਿਚ ਹੀ ਮੁਲਜ਼ਮ ਦਾ ਸਸਕਾਰ ਕਰ ਦਿੱਤਾ। ਸੁਖਬੀਰ ਨੇ ਕਿਹਾ ਕਿ ਮੁਲਜ਼ਮ ਦਾ ਸਸਕਾਰ ਸਬੂਤ ਮਿਟਾਉਣ ਲਈ ਕੀਤਾ ਗਿਆ ਹੈ। ਕਾਰਵਾਈ ਦੇ ਨਾਂ ’ਤੇ ਡੀ. ਐੱਸ. ਪੀ. ਪੱਧਰ ’ਤੇ ਜਾਂਚ ਕਮੇਟ ਬਣਾਕੇ ਸਿਰਫ ਖਾਨਾਪੂਰਤੀ ਕੀਤੀ ਗਈ ਹੈ।
ਸੁਖਬੀਰ ਨੇ ਕਿਹਾ ਕਿ ਅੱਜ ਕਈ ਤਾਕਤਾਂ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਆਬਾਦੀ ਦੇ ਹਿਸਾਬ ਨਾਲ ਸਿੱਖ ਧਰਮ ਸਭ ਤੋਂ ਛੋਟਾ ਹੈ ਪਰ ਇਹ ਸਭ ਤੋਂ ਮਿਹਨਤੀ ਧਰਮ ਹੈ। ਗੁਰੂ ਸਾਹਿਬ ਨੇ ਮੀਰੀ-ਪੀਰੀ ਦੇ ਸਿਧਾਂਤ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸ਼੍ਰੋਮਣੀ ਅਕਲੀ ਦਲ ਨੇ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਕਈ ਤਾਕਤਾਂ ਨੇ ਐੱਸ. ਜੀ. ਪੀ. ਸੀ. ਨੂੰ ਕਮਜ਼ੋਰ ਕਰਨ ਲਈ ਚੋਣਾਂ ਵਿਚ ਹਿੱਸਾ ਲਿਆ। ਏਜੰਸੀਆਂ ਨੇ ਐੱਸ. ਜੀ. ਪੀ. ਸੀ ਨੂੰ ਕਮਜ਼ੋਰ ਕਰਨ ਲਈ ਘੁੱਸਪੈਠ ਵੀ ਕੀਤੀ ਅਤੇ ਪੰਥ ਦੇ ਪਿੱਠ ’ਤੇ ਛੁਰਾ ਵੀ ਮਰਿਆ।