ਪੰਜਾਬ ‘ਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ 5 ਜਨਵਰੀ ਤੋਂ ਬਾਅਦ ਇਲੈਕਸ਼ਨ ਕਮੀਸ਼ਨ ਸੂਬੇ ‘ਚ ਕਿਸੇ ਵੀ ਸਮੇਂ ਚੋਣ ਜ਼ਾਪਤਾ ਲਗਾ ਸਕਦਾ ਹੈ।
ਇਸ ਚੋਣਾਵੀ ਮਾਹੌਲ ’ਚ ਪੰਜਾਬ ’ਚ ਹਰ ਦਿਨ ਸਿਆਸੀ ਧਮਾਕੇ ਹੋ ਰਹੇ ਹਨ। ਅੱਜ ਕਿਸਾਨ ਫ੍ਰੰਟ ਦੇ ਸੀਐੱਮ ਉਮੀਦਵਾਰ ਬਲਬੀਰ ਰਾਜੇਵਾਲ ਨੇ ਇਕ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਾਨੂੰ ਆਪਣੇ ਨਾਲ ਆਉਣ ਨੂੰ ਕਹਿ ਰਹੀ ਹੈ।
ਬਲਬੀਰ ਰਾਜੇਵਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ‘ਆਪ’ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤੁਹਾਡੇ ਨਾਲ ਗੱਠਜੋੜ ਕਰਦੇ ਹਾਂ ਤਾਂ ਤੁਹਾਨੂੰ ਐਲਾਨੇ ਉਮੀਦਵਾਰ ਵੀ ਬਦਲਣੇ ਪੈ ਸਕਦੇ ਹਨ। ਦੱਸ ਦੇਈਏ ਕਿ 117 ਸੀਟਾਂ ‘ਚੋਂ ਆਮ ਆਦਮੀ ਪਾਰਟੀ ਨੇ 96 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਜੇਕਰ ਹੁਣ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ‘ਆਪ’ਨਾਲ ਗੱਠਜੋੜ ਕਰਦੇ ਹਨ ਤਾਂ ਆਪ ਦੇ ਉਮੀਦਵਾਰ ਫਿਰ ਤੋਂ ਇਧਰ-ਉਧਰ ਕਰ ਦਿੱਤੇ ਜਾਣਗੇ।
ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ 22 ਤੋਂ 25 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮੋਰਚਾ ਫਰੰਟ ਪਾਰਟੀ ਦਾ ਐਲਾਨ ਕੀਤਾ ਗਿਆ ਸੀ ਅਤੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਦੀ ਗੱਲ ਵੀ ਕੀਤੀ ਗਈ ਸੀ। ਇਸ ਦੇ ਨਾਲ ਹੀ ਜਥੇਬੰਦੀਆਂ ਦੀ ਤਰਫੋਂ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਗਿਆ।