ਜਲੰਧਰ ਤੋਂ ਸ਼ਤਰੰਜ ਦੀ ਵਿਸ਼ਵ ਚੈਂਪੀਅਨ ਖਿਡਾਰਨ ਮਲਿਕਾ ਹਾਂਡਾ ਜੋ ਸੁਣਨ ਅਤੇ ਬੋਲਣ ‘ਚ ਅਸਮਰਥ ਹੈ ਇਨ੍ਹੀਂ ਦਿਨੀਂ ਬਹੁਤ ਦੁੱਖੀ ਅਤੇ ਗੁੱਸੇ ‘ਚ ਹੈ। ਉਨ੍ਹਾਂ ਨੂੰ ਇਹ ਗੁੱਸਾ ਪੰਜਾਬ ਸਰਕਾਰ ‘ਤੇ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਇਕ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਉਸ ਨੂੰ ਸਰਕਾਰੀ ਨੌਕਰੀ ਅਤੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਪੂਰਾ ਨਹੀਂ ਹੋਇਆ।
ਪੰਜਾਬ ਸਰਕਾਰ ਤੋਂ ਨਾਰਾਜ਼ ਮਲਿਕਾ ਹਾਂਡਾ ਵੱਲੋਂ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ’ਮੈਂ’ਤੁਸੀਂ ਬਹੁਤ ਦੁਖੀ ਅਤੇ ਰੋ ਰਹੀ ਹਾਂ। ਮੈਂ 31 ਦਸੰਬਰ ਨੂੰ ਪੰਜਾਬ ਦੇ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਅਤੇ ਨਕਦ ਇਨਾਮ ਨਹੀਂ ਦੇ ਸਕਦੀ। ਕਿਉਂਕਿ ਸਰਕਾਰ ਕੋਲ ਡੈਫ ਸਪੋਰਟਸ ਲਈ ਕੋਈ ਨੀਤੀ ਨਹੀਂ ਹੈ।
ਮਲਿਕਾ ਹਾਂਡਾ ਨੇ ਅੱਗੇ ਲਿਖਿਆ ਕਿ ਸਾਬਕਾ ਖੇਡ ਮੰਤਰੀ ਨੇ ਮੈਨੂੰ ਨਕਦ ਇਨਾਮ ਦੇਣ ਦਾ ਵਾਧਾ ਕੀਤਾ ਸੀ। ਮੇਰੇ ਕੋਲ ਉਹ ਸੱਦਾ ਪੱਤਰ ਵੀ ਹੈ ਪਰ ਕੋਵਿਡ ਕਾਰਨ ਮਾਮਲਾ ਲਟਕ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਇਹ ਗੱਲਾਂ ਮੌਜੂਦਾ ਖੇਡ ਮੰਤਰੀ ਪਰਗਟ ਸਿੰਘ ਨੂੰ ਦੱਸੀਆਂ ਤਾਂ ਉਨ੍ਹਾਂ ਸਪੱਸ਼ਟ ਕਹਿ ਦਿੱਤਾ ਕਿ ਇਹ ਸਾਬਕਾ ਮੰਤਰੀ ਦਾ ਵਾਅਦਾ ਸੀ, ਮੈਂ ਅਜਿਹਾ ਕੋਈ ਵਾਅਦਾ ਨਹੀਂ ਕੀਤਾ। ਸਰਕਾਰ ਕੁਝ ਨਹੀਂ ਕਰ ਸਕਦੀ।
ਦੱਸ ਦੇਈਏ ਕਿ ਸੁਣਨ ਅਤੇ ਬੋਲਣ ‘ਚ ਅਸਮਰਥ ਹੋਣ ਦੇ ਬਾਵਜੂਦ ਮਲਿਕਾ ਹਾਂਡਾ ਵੱਲੋਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤੇ ਗਏ ਹਨ।