ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ।ਮੁਖ ਮੰਤਰੀ ਭਗਵੰਤ ਮਾਨ ਨੇ ਇੱਥੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਤੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕੀਤੇ।
ਮਾਨ ਨੇ ਮੋਹਿੰਦਰ ਭਗਤ ਨਾਲ ਮਿਲ ਕੇ ਜਲੰਧਰ ਪੱਛਮੀ ਵਿਧਾਨ ਸਭਾ ਅਧੀਨ ਪੈਂਦੇ ਵਾਰਡ ਨੰਬਰ 74, 34 ਤੇ ਵਾਰਡ ਨੰਬਰ 38 ‘ਚ ਜਨਤਕ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਦੋਆਬੇ ‘ਚ ਦਫ਼ਤਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਸਨ ਤਾਂ ਜੋ ਉਹ ਦੋਆਬੇ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ।ਇਸ ਜ਼ਿਮਨੀ ਚੋਣ ‘ਚ ਇਕ ਚੰਗੀ ਗੱਲ ਇਹ ਰਹੀ ਕਿ ਆਖਰਕਾਰ ਉਹ ਉਸ ਯੋਜਨਾ ਨੂੰ ਲਾਗੂ ਕਰਨ ‘ਚ ਸਫਲ ਹੋ ਗਏ ਅਤੇ ਇਥੇ ਆਪਣਾ ਦਫਤਰ ਸਥਾਪਤ ਕਰ ਲਿਆ।ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ।
ਹੁਣ ਸਰਕਾਰ ਖੁਦ ਤੁਹਾਡੇ ਬੂਹੇ ‘ਤੇ ਹੈ।ਉਨ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਉਹ ਜਲੰਧਰ ਦੀ ਡਿਪਟੀ ਮੇਅਰ ਹੁੰਦਿਆਂ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੀ ਤਾਂ ਉਹ ਇੰਨੇ ਵੱਡੇ ਵਿਧਾਨ ਸਭਾ ਹਲਕੇ ਦੇ ਕੰਮ ਕਿਵੇਂ ਕਰਵਾਉਣਗੇ।