ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਢਿੱਲ ਵਰਤੀ ਗਈ ਹੈ ਉਸ ਨੂੰ ਲੈ ਕੇ ਭਾਜਪਾ ਦੇ ਵਰਕਰ ਲਗਾਤਾਰ ਹਮਲਾਵਰ ਹਨ। ਹੁਣ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਵਰਤੇ ਜਾਣ ‘ਤੇ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਭਾਰਤ ਦੇ ਇਤਿਹਾਸ ਵਿੱਚ ਪੰਜਾਬ ਦੀ ਪਵਿੱਤਰ ਧਰਤੀ ‘ਤੇ ਕਾਂਗਰਸ ਦੇ ਖੂਨੀ ਇਰਾਦੇ ਨਾਕਾਮ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਜੋ ਪ੍ਰਧਾਨ ਮੰਤਰੀ ਨੂੰ ਨਫ਼ਰਤ ਕਰਦੇ ਹਨ, ਉਹ ਉਨ੍ਹਾਂ ਦੀ ਸੁਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।
ਦਿੱਲੀ ਦੇ ਭਾਜਪਾ ਦਫ਼ਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਮ੍ਰਿਤੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਜਾਣਦੇ ਹੋਏ ਵੀ ਪੰਜਾਬ ਪੁਲਸ ਸਿਰਫ ਮੂਕ ਦਰਸ਼ਕ ਬਣੀ ਰਹੀ।
ਸਵਾਲ ਉਠਾਉਂਦੇ ਹੋਏ ਭਾਜਪਾ ਨੇਤਾ ਨੇ ਪੁੱਛਿਆ ਕਿ ‘ਕੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਨਾਲ ਜਾਣ ਬੁੱਝ ਕੇ ਝੂਠ ਬੋਲਿਆ’। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਭੰਗ ਕੀਤਾ, ਉਨ੍ਹਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਕਾਰ ਤੱਕ ਕੌਣ ਅਤੇ ਕਿਵੇਂ ਲੈ ਕੇ ਆਇਆ? ਇਸ ਦੇ ਨਾਲ ਹੀ, ਉਨ੍ਹਾਂ ਪੁੱਛਿਆ ਕਿ ਰਾਜ ਸਰਕਾਰ ਤੋਂ ਸੁਰੱਖਿਆ ਦੀ ਅਗਵਾਈ ਕਰਨ ਵਾਲਿਆਂ ਨੇ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਕਰਨ ਲਈ ਕਿਸੇ ਵੀ ਕਾਲ ਜਾਂ ਕੋਸ਼ਿਸ਼ਾਂ ਦਾ ਜਵਾਬ ਕਿਉਂ ਨਹੀਂ ਦਿੱਤਾ।