ਸ਼ਾਮ ਸਰੀ ਦੇ ਸਕਾਟ ਰੋਡ ’ਤੇ ਸਥਿਤ ਅਲਟੀਮੇਟ ਬੈਂਕੁਇਟ ਹਾਲ ’ਚ ਫਰੈਂਡਜ਼ ਆਫ ਕੈਨੇਡਾ -ਇੰਡੀਆ ਫਾਊਡੇਸ਼ਨ ਵਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਦੌਰੇ ’ਤੇ ਆਏ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਪ੍ਰਮੁੱਖ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਸਮਾਗਮ ਦੇ ਸ਼ੁਰੂਆਤੀ ਦੌਰ ’ਚ ਲਿਬਰਲ ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਰਾਏ ਅਤੇ ਰੇਡੀਓ ਇੰਡੀਆ ਦੇ ਸੰਚਾਲਕ ਤੇ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਵਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਜੀ ਆਇਆ ਕਿਹਾ ਗਿਆ। ਇਸ ਮਗਰੋਂ ਐਡਵੋਕੇਟ ਲਵਲੀਨ ਸਿੰਘ ਗਿੱਲ, ਬਲਬੀਰ ਸਿੰਘ ਚੰਗਿਆੜਾ ਵਲੋਂ ਉਹਨਾਂ ਦੀ ਆਮਦ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਕਿ ਆਪਣੇ ਵਿਚਾਰ ਪ੍ਰਗਟ ਕੀਤੇ ਗਏ, ਉਥੇ ਪੰਜਾਬ ਨਾਲ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਢੁਕਵੇਂ ਹੱਲ ਦੀ ਵੀ ਮੰਗ ਕੀਤੀ ਗਈ। ਉਕਤ ਬੁਲਾਰਿਆਂ ਵਲੋਂ ਐਨ.ਆਰ.ਆਈ ਲੋਕਾਂ ਨੂੰ ਪੰਜਾਬ ’ਚ ਪੇਸ਼ ਆਉਂਦੀਆਂ ਦਿੱਕਤਾਂ ਸਮੇਤ ਫਗਵਾੜਾ ਤੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਨੂੰ ਵੱਡ ਅਕਾਰੀ ਕਰਨ ਦਾ ਵੀ ਮੁੱਦਾ ਉਠਾਇਆ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕੈਨੇਡਾ ਸਮੇਤ ਬਾਕੀ ਦੇਸ਼ਾਂ ’ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਕੀਤੀ ਜਾਂਦੀ ਸਖਤ ਮਿਹਨਤ ਕਰਕੇ ਆਪਣੀ ਅਤੇ ਪੰਜਾਬ ਦੀ ਤਰੱਕੀ ’ਚ ਪਾਏ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕੀਤੀ । ਇਸ ਦੇ ਨਾਲ ਨਾਲ ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਬਣਾਉਣ ਲਈ ਨਿਭਾਏ ਵੱਡੇ ਰੋਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਕਈ ਸਕੀਮਾਂ ਅਮਲ ਵਿਚ ਲਿਆਂਦੀਆਂ ਗਈਆਂ ਹਨ, ਉਥੇ ਬੇਰੁਜ਼ਗਾਰੀ ਘਟਾਉਣ ਦੇ ਉਪਰਾਲੇ ਵਜੋਂ ਹੁਣ ਤੱਕ 43 ਹਜ਼ਾਰ ਨੌਕਰੀਆਂ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਦਿੱਤੀਆਂ ਗਈਆਂ ਹਨ। ਖੁੱਡੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਫਗਵਾੜਾ ਮੇਨ ਹਾਈਵੇ ਨੂੰ ਵੱਡਾ ਕਰਨ ਸਬੰਧੀ ਉਹ ਸਮੁੱਚਾ ਮਾਮਲਾ ਮੁੱਖ ਮੰਤਰੀ ਦੇ ਧਿਆਨ ’ਚ ਲਿਆਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮਾਧੋਪੁਰੀ, ਉਘੇ ਸਾਹਿਤਕਾਰ ਮੋਹਣ ਗਿੱਲ, ਹਰਦੀਪ ਸਿੰਘ ਪਾਹਵਾ, ਪੌਲ ਵੜੈਚ, ਪ੍ਰੋ ਗੁਰਦੇਵ ਸਿੰਘ ਜੰਮੂ, ਗੀਤਗਾਰ ਜਸਵੀਰ ਗੁਣਾਚੌਰੀਆ, ਬੂਟਾ ਸਿੰਘ ਢਿੱਲੋਂ, ਸਤਬੀਰ ਸਿੰਘ ਚੀਮਾ ਸੀਈਓ ਪਿਕਸ, ਹਰਮੀਤ ਸਿੰਘ ਖੁੱਡੀਆਂ, ਸੁਮੀਤ ਸਿੰਘ ਖੁੱਡੀਆਂ, ਬਲਵੀਰ ਪੱਡਾ, ਮਨਜੀਤ ਸਿੰਘ, ਕੁਲਤਰਨ ਸਿੰਘ, ਗੁਰਪ੍ਰੀਤ ਸਿੰਘ ਗੈਰੀ, ਮਨਜੀਤ ਸਿੰਘ, ਬਿੱਟੂ ਅਟਵਾਲ, ਨਿਰਭੈ ਸਿੰਘ ਕੈਂਥ ਨਿਊ ਵੇਅ ਰੇਲਿੰਗ, ਰਣਜੀਤ ਸਿੰਘ, ਕੁਲਵੰਤ ਸਿੰਘ ਢੇਸੀ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਮਾਸਟਰ ਦਵਿੰਦਰ ਸਿੰਘ ਰਸੂਲਪੁਰ, ਹਰਦੀਪ ਸਿੰਘ ਪਾਹਵਾ, ਬਲਵਿੰਦਰ ਸਿੰਘ ਬਦੇਸ਼ਾ, ਸੁਰਿੰਦਰ ਸਿੰਘ ਢੇਸੀ, ਹਰਦੀਪ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅਖੀਰ ’ਚ ਫਰੈਂਡਜ ਆਫ ਕੈਨੇਡਾ-ਇੰਡੀਆ ਫਾਊਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਤੇ ਹੋਰ ਅਹੁਦੇਦਾਰਾਂ ਵਲੋਂ ਖੁੱਡੀਆਂ ਨੂੰ ਸਿਰੋਪਾ ਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦੀ ਜਿੰਮੇਵਾਰੀ ਬਲਬੀਰ ਸਿੰਘ ਚੰਗਿਆੜਾ ਵਲੋਂ ਬਾਖੂਬੀ ਨਿਭਾਈ ਗਈ। ਫਾਊਂਡੇਸ਼ਨ ਵਲੋਂ ਆਏ ਮਹਿਮਾਨਾਂ ਲਈ ਸ਼ਾਨਦਾਰ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ।