Punjab Weather Update News: ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਬਦਲ ਗਿਆ ਹੈ। ਇਹ ਸਥਿਤੀ ਪੰਜਾਬ ਅਤੇ ਪਾਕਿਸਤਾਨ ਵਿੱਚ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਦੇ ਸਰਗਰਮ ਹੋਣ ਕਾਰਨ ਪੈਦਾ ਹੋਈ ਹੈ। ਇਸ ਕਾਰਨ ਰਾਤ ਸਮੇਂ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਜਿਸ ਨਾਲ ਮੌਸਮ ਠੰਢਾ ਹੋ ਗਿਆ ਹੈ। ਅੱਜ ਵੀ ਕਈ ਇਲਾਕਿਆਂ ‘ਚ ਬੱਦਲ ਛਾਏ ਰਹਿਣਗੇ।ਬੀਤੀ ਰਾਤ ਕਈ ਥਾਈਂ ਭਾਰੀ ਹਨ੍ਹੇਰੀ ਅਤੇ ਮੀਂਹ ਪਿਆ ਜਿਸ ਕਾਰਨ ਮੌਸਮ ‘ਚ ਥੋੜ੍ਹਾ ਬਦਲ ਆਇਆ ।
ਜਦੋਂ ਕਿ ਮੌਸਮ ਵਿਭਾਗ ਨੇ ਅਜੇ ਤੱਕ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਅਜੇ ਵੀ ਆਮ ਤਾਪਮਾਨ ਤੋਂ 2.1 ਡਿਗਰੀ ਵੱਧ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 37.9 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਕਮੀ ਆਈ ਹੈ। ਸਭ ਦਾ ਤਾਪਮਾਨ 32 ਡਿਗਰੀ ਤੋਂ ਵੱਧ ਸੀ।
10 ਤਰੀਕ ਤੱਕ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 6 ਅਤੇ 7 ਅਕਤੂਬਰ ਨੂੰ ਮੌਸਮ ਸਾਫ਼ ਰਹੇਗਾ। ਇਸ ਤੋਂ ਬਾਅਦ 8 ਤੋਂ ਮੌਸਮ ਬਦਲ ਜਾਵੇਗਾ। ਦੋ ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਦੇ ਦੱਖਣ-ਪੱਛਮੀ ਖੇਤਰ ਵਿੱਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਜਦਕਿ ਬਾਕੀ ਖੇਤਰ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵੀ ਆਮ ਦੇ ਬਰਾਬਰ ਰਹੇਗਾ। ਇਸੇ ਤਰ੍ਹਾਂ ਜੇਕਰ 11 ਤੋਂ 17 ਅਕਤੂਬਰ ਦੀ ਗੱਲ ਕਰੀਏ ਤਾਂ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਨਾਲ ਹੀ ਤਾਪਮਾਨ ਵੀ ਨਾਰਮਲ ਰਹਿਣ ਦੀ ਸੰਭਾਵਨਾ ਹੈ। ਅਜਿਹੇ ‘ਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਇਸ ਦੇ ਨਾਲ ਹੀ ਇਹ ਮੌਸਮ ਡੇਂਗੂ ਅਤੇ ਮਲੇਰੀਆ ਲਈ ਆਦਰਸ਼ ਹੈ। ਅਜਿਹੀ ਸਥਿਤੀ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ।
ਬੀਤੀ ਰਾਤ ਆਏ ਤੇਜ਼ ਝੱਖੜ ਤੇ ਮੀਂਹ ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ, ਜਿਸ ਨਾਲ ਇਸ ਦੀ ਕਟਾਈ ਕਰਨੀ ਔਖੀ ਹੋ ਜਾਵੇਗੀ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਤਾਂ ਪੂਰੀ ਤਰ੍ਹਾਂ ਧਰਤੀ ‘ਤੇ ਵਿਛ ਗਈਆਂ ਹਨ। ਝੋਨੇ ਦੀ ਕਟਾਈ ਪਛੜਨ ਨਾਲ ਸਬਜ਼ੀਆਂ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ।