ਦੁਸਹਿਰੇ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਤਿਉਹਾਰ ਵਿਜੇ ਦਸ਼ਮੀ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੁੰਦਾ ਹੈ। ਦੁਸਹਿਰਾ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਤਿਉਹਾਰ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਮਹਾਪੁਰਸ਼ ਅਤੇ ਅਵਤਾਰਾਂ ਨੇ ਸ਼ਸਤਰ ਧਾਰਨ ਕਰਕੇ ਉਸ ਸਮੇਂ ਦੀ ਬੇਇਨਸਾਫ਼ੀ ਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਲੋਹਾ ਲਿਆ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਸ਼ਕਤੀ, ਸਦਾਚਾਰ, ਸੱਚਾਈ ਅਤੇ ਕਰਤੱਵ ਦੀ ਪਾਲਣਾ ਕਰਨ ਦੀ ਮੂਰਤੀ ਬਣ ਕੇ ਇਕ ਆਦਰਸ਼ ਉਦਾਹਰਣ ਪੇਸ਼ ਕਰ ਗਏ।
‘ਰਾਮਾਇਣ’ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਦੋਂ ਤਾਕਤ ਅਗਿਆਨੀ, ਕ੍ਰੋਧੀ, ਹਿੰਸਕ ਜਾਂ ਦੁਰਾਚਾਰੀ ਦੇ ਹੱਥਾਂ ਵਿਚ ਚਲੀ ਜਾਂਦੀ ਹੈ ਅਤੇ ਉਹ ਸੁਆਰਥੀ ਅਤੇ ਦੁਰਾਚਾਰੀ ਹੋ ਜਾਂਦਾ ਹੈ। ਉਸ ਵੇਲੇ ਸਾਧੂਆਂ ਦੀ ਰੱਖਿਆ, ਸੱਚ ਦੀ ਰੱਖਿਆ ਅਤੇ ਝੂਠ ਦਾ ਨਾਸ਼ ਕਰਨ ਲਈ ਕਿਸੇ ਮਹਾਪੁਰਸ਼ ਨੂੰ ਇਸ ਦੁਨੀਆ ਵਿਚ ਜਨਮ ਲੈ ਕੇ ਉਸ ਬੇਇਨਸਾਫ਼ੀ ਅਤੇ ਦਬਾਊ ਸ਼ਕਤੀ ਨੂੰ ਸਮਾਪਤ ਕਰਨਾ ਪੈਂਦਾ ਹੈ।
ਦੁਸਹਿਰੇ ਦੇ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਨੇ ਅਨੀਤੀ ‘ਤੇ ਤੁਲੇ ਰਾਜਾ ਲੰਕਾਪਤੀ ਰਾਵਣ ਨੂੰ ਮਾਰ ਕੇ ਜਿੱਤ ਹਾਸਿਲ ਕੀਤੀ ਸੀ। ਦੁਸਹਿਰੇ ਤੋਂ ਪਹਿਲਾਂ ਮਾਤਾ ਦੁਰਗਾ ਦੀ ਪੂਜਾ 10 ਦਿਨ ਤਕ ਸਾਰੇ ਭਾਰਤ ਵਿਚ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਦੇਵਤੇ ਰਾਖਸ਼ਸਾਂ ਤੋਂ ਹਾਰ ਕੇ ਦੇਵੀ ਦੁਰਗਾ ਦੀ ਸ਼ਰਨ ਵਿਚ ਗਏ ਅਤੇ ਦੁਰਗਾ ਸਭ ਦੇਵਤਿਆਂ ਦੀ ਸ਼ਕਤੀ ਦੇ ਰੂਪ ਵਿਚ ਪ੍ਰਗਟ ਹੋਈ। ਸਾਰੇ ਦੇਵਤਿਆਂ ਦੇ ਸ਼ਸਤਰਾਂ ਨਾਲ ਯੁੱਧ ਭੂਮੀ ਵਿਚ ਜਾ ਕੇ ਮਾਂ ਦੁਰਗਾ ਨੇ ਵੱਡੇ-ਵੱਡੇ ਰਾਖਸ਼ਸਾਂ ਨੂੰ ਮਾਰਿਆ ਅਤੇ 9 ਦਿਨ ਲਗਾਤਾਰ ਲੜਨ ਤੋਂ ਬਾਅਦ ਵਿਜੇ ਦਸ਼ਮੀ (ਦੁਸਹਿਰੇ) ਦੇ ਦਿਨ ਮਹਿਖਾਸੁਰ ਦਾ ਖਾਤਮਾ ਕਰਕੇ ਦੁਰਗਾ ਮਾਤਾ ਮਹਿਖਾਸੁਰ ਮਰਦਿਨੀ ਕਹਾਈ। ਨਵਰਾਤਰਿਆਂ ਦੇ ਮਹੱਤਵਪੂਰਨ ਵਰਤਾਂ ਤੋਂ ਬਾਅਦ ਵਿਜੇ ਦਸ਼ਮੀ ‘ਤੇ ਮਾਤਾ ਦੁਰਗਾ ਦਾ ਵਿਜੈ-ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਭਗਵਤੀ ਵਿਜਯ ਦੇ ਨਾਂ ‘ਤੇ ਵਿਜੇ ਦਸ਼ਮੀ ਵੀ ਕਹਿੰਦੇ ਹਨ।
ਦੁਸਹਿਰੇ ਤੋਂ 10 ਦਿਨ ਪਹਿਲਾਂ ਵਿਖਾਈ ਜਾਂਦੀ ਰਾਮਲੀਲਾ ਵਿਚ ਇਹੋ ਹੀ ਦੱਸਿਆ ਜਾਂਦਾ ਹੈ ਕਿ ਰਾਵਣ ਇਕ ਵੱਡਾ ਰਾਖਸ਼ਸ ਰਾਜਾ ਸੀ, ਜਿਸ ਕੋਲ ਅਪਾਰ ਧਨ, ਵੱਡੀ ਸੈਨਾ ਤੇ ਭਾਰੀ ਮਾਤਰਾ ਵਿਚ ਅਸਲਾ ਸੀ ਪਰ ਸ਼੍ਰੀ ਰਾਮ ਚੰਦਰ ਜੀ ਕੋਲ ਸਿਰਫ਼ ਚੰਗੀ ਸੈਨਾ ਸੀ। ਧਨ ਦੀ ਘਾਟ ਸੀ, ਸ਼ਸ਼ਤਰਾਂ ਦੀ ਥੁੜ੍ਹ ਸੀ ਪਰ ਸਭ ਤੋਂ ਵੱਡੀ ਚੀਜ਼, ਜੋ ਸੀ ਉਹ ਸੀ ‘ਤਪ, ਤਿਆਗ, ਪਵਿੱਤਰ ਜੀਵਨ’। ਸਦਾਚਾਰ ਦੇ ਗੁਣਾਂ ਨਾਲ ਭਰਪੂਰ ਹੋਣ ਸਦਕਾ ਹੀ ਸ਼੍ਰੀ ਰਾਮ ਚੰਦਰ ਜੀ ਹੰਕਾਰੀ ਰਾਵਣ ਨੂੰ ਖ਼ਤਮ ਕਰਨ ਵਿਚ ਸਫਲ ਰਹੇ।
ਵਿਜੇ ਦਸ਼ਮੀ ਦੇ ਇਸ ਤਿਉਹਾਰ ਨੂੰ ਦੁਸਹਿਰਾ ਵੀ ਕਿਹਾ ਜਾਂਦਾ ਹੈ। ਇਸਦੇ ਸ਼ਬਦਾਂ ਦਾ ਅਰਥ ਹੈ ਕਿ ਦਸ ਨੂੰ ਜਿੱਤਣ ਵਾਲਾ, ਨਸ਼ਟ ਕਰਨ ਵਾਲਾ, ਜਿਵੇਂ ਆਮ ਲੋਕ-ਕਥਾਵਾਂ ਵਿਚ ਰਾਵਣ ਦਾ ਦੂਜਾ ਨਾਮ ਦਸ਼ਕੰਧਰ ਵੀ ਪ੍ਰਚੱਲਿਤ ਹੈ, ਜਿਸਦਾ ਅਰਥ ਦਸ ਸਿਰਾਂ ਵਾਲਾ ਹੈ। ਜੈਨ ਦ੍ਰਿਸ਼ਟੀ ਅਨੁਸਾਰ ਰਾਵਣ ਦਾ ਸਿਰ ਤਾਂ ਇਕ ਸੀ ਪਰ ਉਸਦੇ ਗਲੇ ਵਿਚ 10 ਮਨੀਆਂ ਦਾ ਹਾਰ ਸੀ। ਉਸ ਵਿਚ ਦੇਖਣ ਨਾਲ 10 ਸਿਰ ਦਿਖਾਈ ਦਿੰਦੇ ਸਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਰਾਵਣ ਦੀ ਬੁੱਧੀ ਬੜੀ ਤੇਜ਼ ਸੀ ਤੇ 10 ਸਿਰਾਂ, ਦਿਮਾਗਾਂ ਜਿੰਨਾ ਕੰਮ ਕਰਦੀ ਸੀ। ਅੱਸੂ ਮਹੀਨੇ ਦੀ ਸ਼ੁਕਲ ਪੱਖ ਦੀ ਦਸਵੀਂ ਦਾ ਇਹ ਤਿਉਹਾਰ ਵਰਖਾ ਰੁੱਤ ਦੀ ਸਮਾਪਤੀ ਅਤੇ ਸਰਦ ਰੁੱਤ ਦੀ ਆਮਦ ਦਾ ਪ੍ਰਤੀਕ ਹੈ। ਸੂਰਜ ਛਿਪਦੇ ਹੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਜਲਾਏ ਜਾਂਦੇ ਹਨ।