ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਵਲੋਂ ਬੀਤੀ ਦੁਪਹਿਰ 101 ਕਿਸਾਨਾਂ ਦੇ ਮਰਜੀਵੜੇ ਜੱਥਿਆਂ ਵਲੋਂ ਦਿੱਲੀ ਜਾਣ ਦੇ ਐਲਾਨ ਨੂੰ ਲੈ ਕੇ ਕਿਸਾਨ ਅਤੇ ਹਰਿਆਣਾ ਸਰਕਾਰ ਆਹਮੋ ਸਾਹਮਣੇ ਹੋ ਗਏ ਹਨ ਅਤੇ ਟਕਰਾਅ ਦੇ ਆਸਾਰ ਵਧਦੇ ਨਜ਼ਰ ਆ ਰਹੇ ਹਨ।ਖੁਫੀਆ ਏਜੰਸੀਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਇਹ ਅਲ਼ਰਟ ਕੀਤਾ ਹੈ ਕਿ 9 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਪਾਣੀਪਤ ਦੌਰੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਿਸੇ ਵੀ ਹਾਲਤ ‘ਚ ਹਰਿਆਣਾ ‘ਚ ਵੜਨ ਨਾ ਦਿੱਤਾ ਜਾਵੇ, ਕਿਉਂਕਿ ਜੇਕਰ 6 ਦਸੰਬਰ ਨੂੰ ਕਿਸਾਨਾਂ ਦਾ 101 ਮੈਂਬਰਾਂ ਦਾ ਜਥਾ ਹਰਿਆਣਾ ‘ਚ ਦਾਖਲ ਹੁੰਦਾ ਹੈ ਤਾਂ ਇਹ 9 ਦਸੰਬਰ ਨੂੰ ਇਹ ਪਾਣੀਪਤ ‘ਚ ਠਹਿਰਾਅ ਕਰਗੇ, ਜਿੱਥੇ ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤੈਅ ਹੈ ਅਤੇ ਕੋਈ ਵੀ ਹੰਗਾਮਾ ਖੜ੍ਹ ਹੋ ਸਕਦਾ ਹੈ।
ਹਾਲਾਂਕਿ ਕਿਸਾਨਾਂ ਨੇ ਸਪੱਸ਼ਟ ਕਿਹਾ ਹੈ ਕਿ ਸਾਡਾ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਪਰ ਫਿਰ ਵੀ ਖੁਫੀਆ ਏਜੰਸੀਆਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ ਹੈ।ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਹਰਿਆਣਾ ‘ਚ ਦਾਖਲ ਹੋਣ ਤੋਂ ਰੋਕਣ ਲਈ ਜੰਗੀ ਪੱਧਰ ‘ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।ਧਾਰਾ-144 ਲਾਗੂ ਕਰਨ ਤੋਂ ਬਾਅਦ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਨ੍ਹਾਂ ਕੋਲ ਦਿੱਲੀ ਸਰਕਾਰ ਦੀ ਮਨਜ਼ੂਰੀ ਨਹੀਂ ਹੈ।