ਪੰਜਾਬ ‘ਚ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਅੱਜ ਪੰਜਾਬ ਦੇ 7 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਤੇ ਮਾਨਸਾ ‘ਚ ਅੱਜ ਧੁੰਦ ਦਾ ਅਸਰ ਵੇਖਣ ਨੂੰ ਮਿਲੇਗਾ।ਇਸਦੇ ਮੱਦੇਨਜ਼ਰ ਵਿਭਾਗ ਵੱਲੋਂ ਇਨ੍ਹਾਂ ਜ਼ਿਲਿ੍ਹਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਮੌਸਮ ਵਿਭਾਗ ਮੁਤਾਬਕ ਇੱਥੇ ਵਿਜ਼ੀਬਿਲਟੀ 50 ਮੀਟਰ ਤੱਕ ਪਹੁੰਚ ਸਕਦੀ ਹੈ।ਐਤਵਾਰ ਨੂੰ ਵੀ ਸੂਬੇ ‘ਚ ਧੁੰਦ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਪਿਛਲੇ ਕੁਝ ਦਿਨਾਂ ਤੋਂ ਸੂਬੇ ਭਰ ‘ਚ ਤਾਪਮਾਨ ਲਗਾਤਾਰ ਘੱਟ ਰਿਹਾ ਹੈ।ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀ ਦਾ ਅਸਰ ਪੰਜਾਬ ਦੇ ਮੌਸਮ ‘ਤੇ ਵੇਖਣ ਨੂੰ ਮਿਲ ਰਿਹਾ ਹੈ।ਆਉਣ ਵਾਲੇ ਦਿਨਾਂ ‘ਚ ਸੂਬੇ ‘ਚ ਬਰਸਾਤ ਦੇ ਅਸਰ ਪੰਜਾਬ ‘ਚ ਦਿਖਾਈ ਦੇਣਗੇ, ਜਿਸ ਨਾਲ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ।ਪਿਛਲੇ 3 ਦਿਨਾਂ ਦੀ ਹੀ ਗੱਲ ਕਰੀਏ ਤਾਂ ਤਾਪਮਾਨ ‘ਚ ਤਕਰੀਬਨ 5 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ।
ਆਉਣ ਵਾਲੇ ਦਿਨਾਂ ‘ਚ ਧੁੰਦ ਤੇ ਮੀਂਹ ਨਾਲ ਠੰਡ ਹੋਰ ਵੱਧ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ 8-9 ਦਸੰਬਰ ਨੂੰ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ,ਤਰਨਤਾਰਨ, ਹੁਸ਼ਿਆਰਪੁਰ,ਨਵਾਂਸ਼ਹਿਰ ਤੇ ਕਪੂਰਥਲਾ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।ਇਸਦੇ ਨਾਲ ਹੀ ਇਨ੍ਹਾਂ 2 ਦਿਨਾਂ ਨੂੰ ਪਹਾੜੀ ਇਲਾਕਿਆਂ ‘ਚ ਵੀ ਬਰਫ਼ਬਾਰੀ ਹੋਣ ਦੇ ਆਸਾਰ ਹਨ, ਜਿਸ ਨਾਲ ਮੈਦਾਨੀ ਇਲਾਕਿਆਂ ‘ਚ ਵੀ ਠੰਡ ਵੱਧ ਜਾਵੇਗੀ।