ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਚ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 46ਵਾਂ ਦਿਨ ਹੈ। ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਵੀਡੀਓ ਰਾਹੀਂ ਸੰਦੇਸ਼ ਜਾਰੀ ਕੀਤਾ ਗਿਆ ਹੈ।
ਇਹ ਵੀਡੀਓ ਦੋ ਮਿੰਟ 58 ਸਕਿੰਟ ਦੀ ਹੈ ਇਸ ਵੀਡੀਓ ਵਿੱਚ, ਕਿਸਾਨ ਆਗੂ ਨੇ ਕਿਹਾ ਕਿ ਉਸਨੂੰ ਦੱਸਿਆ ਗਿਆ ਕਿ ਭਾਜਪਾ ਦੀ ਪੰਜਾਬ ਯੂਨਿਟ ਨੇ ਅਕਾਲ ਤਖ਼ਤ ‘ਤੱਕ ਪਹੁੰਚ ਕੀਤੀ ਹੈ, ਅਤੇ ਕਿਹਾ ਗਿਆ ਕਿ ਜਥੇਦਾਰ ਨੂੰ ਬੇਨਤੀ ਕੀਤੀ ਜਾਵੇ ਕਿ ਉਹ ਆਪਣਾ ਵਰਤ ਖਤਮ ਕਰ ਦੇਣ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ “ਹਾਲਾਂਕਿ, ਮੈਨੂੰ ਲੱਗਦਾ ਹੈ ਕਿ ਭਾਜਪਾ ਆਗੂ ਗਲਤ ਦਿਸ਼ਾ ਵਿੱਚ ਜਾ ਰਹੇ ਹਨ। ਉਹਨਾਂ ਨੂੰ ਅਕਾਲ ਤਖ਼ਤ ‘ਤੇ ਪਹੁੰਚਣ ਦੀ ਬਜਾਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਮਾਮਲੇ ਨੂੰ ਹੱਲ ਕਰਨ ਲਈ ਉਹਨਾਂ ਤੋਂ ਦਖਲ ਦੀ ਮੰਗ ਕਰਨੀ ਚਾਹੀਦੀ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਦਫਤਰ ਵੀ ਜਾਣਾ ਚਾਹੀਦਾ ਹੈ ਜੋ ਪਹਿਲਾਂ ਹੀ ਕਿਸਾਨੀ ਮੁੱਦੇ ‘ਤੇ ਆਪਣੀਆਂ ਚਿੰਤਾਵਾਂ ਜਤਾ ਦਿੱਤੀਆਂ ਹਨ। ਇਸ ਦੇ ਨਾਲ ਹੀ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਵੀ ਵਿਚਾਰ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਅਤੇ ਕੋਈ ਜ਼ਿਆਦਾ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਟੀਮ ਨੇ ਦੱਸਿਆ ਕਿ ਡੱਲੇਵਾਲ ਦੀ ਜਾਂਚ ਕੀਤੀ ਗਈ, ਉਸਦੇ ਖੂਨ ਦੇ ਸੈਮਪਲ ਲਏ ਗਏ ਅਤੇ ਉਹਨਾਂ ਦੇ ਪੇਟ ਦਾ ਅਲਟਰਾਸਾਊਂਡ ਕੀਤਾ ਗਿਆ।
ਰਾਜਿੰਦਰਾ ਮੈਡੀਕਲ ਕਾਲਜ ਅਤੇ ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ ਦੀ ਇੱਕ ਮੈਡੀਕਲ ਟੀਮ ਪਹਿਲਾਂ ਹੀ ਡੱਲੇਵਾਲ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਲਈ ਖਨੌਰੀ ਵਿਖੇ ਤਾਇਨਾਤ ਹੈ। ਦੋ ਐਡਵਾਂਸਡ ਲਾਈਫ ਸਪੋਰਟ (ਏਐਲਐਸ) ਐਂਬੂਲੈਂਸਾਂ ਵੀ ਉੱਥੇ 24 ਘੰਟੇ ਉਪਲਬਧ ਹਨ। ਵਿਰੋਧ ਸਥਾਨ ਦੇ ਨੇੜੇ ਸਾਰੇ ਐਮਰਜੈਂਸੀ ਉਪਕਰਣਾਂ ਅਤੇ ਦਵਾਈਆਂ ਨਾਲ ਲੈਸ ਇੱਕ ਅਸਥਾਈ ਹਸਪਤਾਲ ਸਥਾਪਤ ਕੀਤਾ ਗਿਆ ਹੈ।
ਜਿਵੇਂ ਕਿ ਪਤਾ ਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ‘ਤੇ ਬੈਠਾ ਹਨ। ਵਿਰੋਧ ਪ੍ਰਦਰਸ਼ਨ ਦੇ ਪਹਿਲੇ ਦਿਨ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਅਤੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਕਿਸਾਨ ਯੂਨੀਅਨਾਂ ਦੁਆਰਾ ਵਧੇ ਦਬਾਅ ਤੋਂ ਬਾਅਦ, ਉਸਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਦੋਂ ਤੋਂ ਉਹ ਖਨੌਰੀ ਸਰਹੱਦ ‘ਤੇ ਵਰਤ ਰੱਖ ਰਹੇ ਹਨ।