ਪੰਜਾਬ ‘ਚ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਵਾਹਨ ਚਾਲਕਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਜ਼ਿਲ੍ਹਾ ਸੰਗਰੂਰ ‘ਚ ਕਰਵਾਈਆਂ ਜਾਣ ਵਾਲੀਆਂ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਬਾਰੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਇੰਨੀ ਦਿਨੀਂ ਬਹੁਤ ਸੰਘਣੀ ਧੁੰਦ ਪੈ ਰਹੀ ਹੈ ਤੇ ਇਸ ਦੌਰਾਨ ਜਿੱਥੇ ਵਾਹਨ ਚਾਲਕਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ,ਦੂਜੇ ਪਾਸੇ ਨਾਲ ਹੀ ਸੜਕ ਸੁਰੱਖਿਆ ਨਾਲ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਤੇ ਹੋਰ ਸੜਕਾਂ ‘ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਢੁੱਕਵੀਆਂ ਥਾਵਾਂ ‘ਤੇ ਰਿਫਲੈਕਟਰ ਜ਼ਰੂਰ ਲਾਏ ਜਾਣ ਤਾਂ ਜੋ ਸੰਘਣੀ ਧੁੰਦ ਸੜਕ ਹਾਦਸਿਆਂ ਦਾ ਕਾਰਨ ਨਾ ਬਣ ਸਕੇ।ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੀ ਸਖਤੀ ਨਾਲ ਪੇਸ਼ ਆਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਅਜਿਹੇ ਬਲੈਕ ਸਪੋਟਸ ਦੀ ਜਾਂਚ ਕਰਵਾਉਣ ਜਿੱਥੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਸਾਵਧਾਨੀ ਵਜੋਂ ਉਥੇ ਰਿਫਲੈਕਟਰ ਅਤੇ ਸੰਕੇਤ ਚਿੰਨ੍ਹ ਲਾਉਣ ਨੂੰ ਯਕੀਨੀ ਬਣਾਇਆ ਜਾਵੇ।ਮੀਟਿੰਗ ਦੌਰਾਨ ਸੜਕ ਸੁਰੱਖਿਆ ਬਾਰੇ ਜਾਗਰੂਕਤਾ, ਵਧਾਉਣ ਲਈ ਵਿਦਿਅਕ ਅਦਾਰਿਆਂ, ਬਜ਼ਾਰਾਂ ਤੇ ਜਨਤਕ ਸਥਾਨਾਂ ‘ਤੇ ਪ੍ਰੋਗਰਾਮ ਉਲੀਕਣ, ਵਰਕਸ਼ਾਪਾਂ, ਨੁੱਕੜ ਨਾਟਕਾਂ ਰਾਹੀਂ ਸੁਨੇਹਾ ਹਰੇਕ ਨਾਗਰਿਕ ਤੱਕ ਪਹੁੰਚਾਉਣ ਲਈ ਵੀ ਹਦਾਇਤ ਕੀਤੀ ਗਈ।
ਟ੍ਰੈਫਿਕ ਪੁਲਿਸ ਨੂੰ ਵੀ ਚੌਕਸੀ ਵਧਾਉਣ ਦੇ ਹੁਕਮ ਕਰਦਿਆਂ ਏ.ਡੀ.ਸੀ. ਨੇ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ ਬੇਤਰਤੀਬ ਢੰਗ ਨਾਲ ਖੜਾਏ ਜਾਣ ਵਾਲੇ ਵਾਹਨ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ ਇਸ ਲਈ ਇਸਦੀ ਨਿਯਮਤ ਜਾਂਚ ਪੜਤਾਲ ਕੀਤੀ ਜਾਵੇ ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।