Ludhiana Dog Bite 11 year old kid: ਲੁਧਿਆਣਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੇ ਲੁਧਿਆਣਾ ਦੇ ਇੱਕ ਹਸਨਪੁਰ ਪਿੰਡ ਵਿੱਚ, ਭਿਆਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ 11 ਸਾਲਾ ਹਰਸੁਖਪ੍ਰੀਤ ਸਿੰਘ ਨੂੰ ਵੱਢ-ਵੱਢ ਕੇ ਮਾਰ ਦਿੱਤਾ।
ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਤੋਂ ਨਰਾਜਗੀ ਜਤਾਉਂਦੇ ਹੋਏ, ਪਿੰਡ ਵਾਸੀਆਂ ਨੇ ਲੁਧਿਆਣਾ-ਫਿਰੋਜ਼ਪੁਰ ਸੜਕ ‘ਤੇ ਘੱਟੋ-ਘੱਟ ਦੋ ਘੰਟੇ ਜਾਮ ਲਗਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਦੁਆਰਾ ਉਨ੍ਹਾਂ ਨੂੰ ਸ਼ਾਂਤ ਕੀਤਾ ਗਿਆ। ਪਿੰਡ ਵਾਸੀਆਂ ਨੇ ਪਿੰਡ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੰਗ ਕੀਤੀ। ਨਾਕਾਬੰਦੀ ਕਾਰਨ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਦਾਖਾ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਵਰਿੰਦਰ ਸਿੰਘ ਖੋਸਾ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਪੰਜਵੀਂ ਜਮਾਤ ਦਾ ਵਿਦਿਆਰਥੀ ਹਰਸੁਖਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦਾ ਪਿਤਾ ਇੱਕ ਛੋਟਾ ਜਿਹਾ ਕਿਸਾਨ ਹੈ।
ਡੀਐਸਪੀ ਖੋਸਾ ਨੇ ਕਿਹਾ ਕਿ ਪਰਿਵਾਰ ਪਿੰਡ ਦੇ ਬਾਹਰ ਰਹਿੰਦਾ ਹੈ ਅਤੇ ਉਨ੍ਹਾਂ ਦੇ ਘਰ ਦੀ ਚਾਰਦੀਵਾਰੀ ਨਹੀਂ ਹੈ। ਹਰਸੁਖਪ੍ਰੀਤ ਘਰ ਦੇ ਬਾਹਰ ਖੇਡ ਰਿਹਾ ਸੀ ਜਦੋਂ ਕੁੱਤਿਆਂ ਨੇ, ਜੋ ਨੇੜੇ ਹੀ ਪਿੰਡ ਦੀ ਹੱਡਾਂ ਰੋੜੀ ‘ਤੇ ਚਰਦੇ ਹਨ, ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸਦੇ ਮਾਪੇ ਉਸਨੂੰ ਬਚਾਉਣ ਲਈ ਭੱਜੇ ਪਰ ਸਾਰੀਆਂ ਕੋਸ਼ਿਸ਼ਾਂ ਰਹੀਆਂ। ਹੋਰ ਪਿੰਡ ਵਾਸੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਹੀ ਕੁੱਤਿਆਂ ਨੂੰ ਭਜਾਉਣ ਚ ਸਫਲ ਹੋਏ ਅਤੇ ਮੁੰਡੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਬੱਚਿਆਂ ‘ਤੇ ਅਵਾਰਾ ਕੁੱਤਿਆਂ ਦੇ ਹਮਲਿਆਂ ‘ਤੇ ਚਿੰਤਾ ਪ੍ਰਗਟ ਕੀਤੀ। ਪਿੰਡ ਵਸੀਆਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਇਸਦੇ ਨਾਲ ਹੀ ਕਿਹਾ ਗਿਆ ਕਿ ਪਿੰਡ ਦੀ ਹੱਡਾਂ ਰੋੜੀ ਨੂੰ ਪਿੰਡ ਤੋਂ ਦੂਰ ਲੈਕੇ ਜਾਇਆ ਜਾਵੇ।