ਮਹਾਰਾਸ਼ਟਰ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟੇ ਵਿਚ 44 ਹਜ਼ਾਰ ਤੋਂ ਵਧ ਨਵੇਂ ਮਾਮਲੇ ਆਏ ਹਨ, ਜਦਕਿ ਮੁੰਬਈ ਵਿਚ ਕੋਵਿਡ-19 ਦੇ 19474 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ 207 ਲੋਕਾਂ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੀ ਪਛਾਣ ਕੀਤੀ ਗਈ ਹੈ।
ਮਹਾਰਾਸ਼ਟਰ ‘ਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕੋਰੋਨਾ ਪਾਬੰਦੀਆਂ ‘ਚ ਕਈ ਨਵੇਂ ਬਦਲਾਅ ਕੀਤੇ ਹਨ। ਐਤਵਾਰ ਨੂੰ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬਿਊਟੀ ਸੈਲੂਨ ਨੂੰ ਹੇਅਰ ਕਟਿੰਗ ਸੈਲੂਨ ਨਾਲ ਜੋੜਿਆ ਜਾਵੇਗਾ ਅਤੇ 50% ਸਮਰੱਥਾ ਨਾਲ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਮ 50% ਸਮਰੱਥਾ ਨਾਲ ਖੁੱਲ੍ਹਣਗੇ। ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਹਨ। ਉਨ੍ਹਾਂ ਨੂੰ ਸ਼ਨੀਵਾਰ ਨੂੰ ਬੰਦ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਨਵੇਂ ਦਿਸ਼ਾ-ਨਿਰਦੇਸ਼ ਪਹਿਲਾਂ ਵਾਂਗ 10 ਜਨਵਰੀ ਤੋਂ ਲਾਗੂ ਹੋਣਗੇ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਮਹਾਰਾਸ਼ਟਰ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ। ਧਾਰਾ 144 ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਲਾਗੂ ਰਹੇਗੀ।