ਪੰਜਾਬ ‘ਚ ਚੋਣ ਕਮਿਸ਼ਨ ਵੱਲੋਂ ਚੋਣ ਜਾਪਤਾ ਲਗਾ ਦਿੱਤਾ ਗਿਆ ਹੈ ਇਸੇ ਵਿਚਾਲੇ ਪੰਜਾਬ ਦੀ 111 ਦਿਨਾਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੋ-ਪੰਜਾਬ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਜਿੱਥੇ ਉਨ੍ਹਾਂ ਆਪਣੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਗੱਲ ਕੀਤੀ ਉਥੇ ਹੀ ਉਨ੍ਹਾਂ ਆਪਣੇ ਵਿਰੋਧੀਆਂ ‘ਤੇ ਨਿਸ਼ਾਨੇ ਵੀ ਵਿੰਨ੍ਹੇ।
ਲੁਧਿਆਣਾ ਬੰਬ ਬਲਾਸਟ ‘ਤੇ ਉਨ੍ਹਾਂ ਨੇ ਵੱਡੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਪਿੱਛੇ ਵੀ ਨਸ਼ੇ ਦੇ ਸੋਦਾਗਰਾਂ ਦਾ ਹੱਥ ਹੈ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਬਿਕਰਮ ਮਜੀਠੀਆ ਦੀ ਅਦਾਲਤ ‘ਚ ਤਾਰੀਕ ਹੁੰਦੀ ਹੈ ਅਤੇ ਦੂਜੇ ਪਾਸੇ ਬੰਬ ਧਮਾਕਾ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ‘ਚ ਰੱਦ ਹੋਈ ਰੈਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਹੁੰਦਾ ਹੈ ਜੇਕਰ ਕੋਈ ਮੁੱਖ ਮੰਤਰੀ ਨੂੰ ਕੁਝ ਕਹਿੰਦਾ ਹੈ ਤਾਂ ਉਹ ਅਸਿੱਧੇ ਤੌਰ ‘ਤੇ ਪੰਜਾਬ ਨੂੰ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਸਿੱਧੇ ਤੌਰ ‘ਤੇ ਪੰਜਾਬ ਨੂੰ ਹੀ ਗਾਲ੍ਹਾ ਕੱਢ ਰਹੇ ਹਨ, ਅਜਿਹਾ ਤਾਂ ਕੁਝ ਹੋਇਆ ਹੀ ਨਹੀਂ ਦੂਰ-ਦੂਰ ਤਕ ਕੋਈ ਵਿਅਕਤੀ ਵੀ ਨਹੀਂ ਸੀ ਨਾ ਹੀ ਉਨ੍ਹਾਂ ਨੂੰ ਕੋਈ ਆਂਚ ਆਈ। ਅਜਿਹੇ ‘ਚ ਉਨ੍ਹਾਂ ਨੂੰ ਜਾਨ ਦਾ ਖਤਰਾ ਕਿਵੇਂ ਬਣ ਗਿਆ।
ਫਿਰੋਜ਼ਪੁਰ ਰੈਲੀ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਸ ਦਿਨ ਭਾਜਪਾ ਦੇ ਕਹਿਣ ‘ਤੇ ਮੈਂ ਕਿਸਾਨਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸਿਸ਼ ਕਰਦਾ ਤਾਂ ਸਵੇਰ ਤੱਕ ਪੰਜਾਬ ਦਾ ਮਾਹੌਲ ਖਰਾਬ, ਚਾਰੇ ਪਾਸੇ ਹਾਹਾਕਾਰ ਅਤੇ ਪੂਰਾ ਪੰਜਾਬ ਬੰਦ ਹੋ ਜਾਣਾ ਸੀ।
ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਡੀ.ਜੀ.ਪੀ. ਨੂੰ ਹੁੱਕਮ ਦਿੱਤੇ ਗਏ ਸਨ ਕਿ ਕਿਸਾਨਾਂ ਨੂੰ ਸ਼ਾਂਤੀ ਨਾਲ ਸਮਜਾਇਆ ਜਾਵੇ ਅਤੇ ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਾ ਕੀਤੀ ਜਾਵੇ।
ਫਿਰੋਜ਼ਪੁਰ ਰੈਲੀ ਦੌਰਾਨ ਭਾਜਪਾ ਵਰਕਰਾਂ ਵੱਲੋਂ ਸੀ.ਐੱਮ. ਚੰਨੀ ਨੂੰ ਬਾਰ-ਬਾਰ ਕੀਤੇ ਜਾ ਰਹੇ ਫੋਨ ਕਾਲਾਂ ਦੇ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਕੋਰਾ ਝੂਠ ਬੋਲ ਰਹੇ ਹਨ, ਮੈਨੂੰ ਭਾਜਪਾ ਦੇ ਕਿਸੇ ਵਰਕਰ ਦਾ ਉਸ ਦਿਨ ਫੋਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਡੀ.ਜੀ.ਪੀ. ਨਾਲ ਗੱਲ ਹੁੰਦੀ ਸੀ ਉਹ ਉੱਥੇ ਮੌਕੇ ‘ਤੇ ਮੌਜੂਦ ਵੀ ਸਨ।
ਆਮ ਆਦਮੀ ਪਾਰਟੀ ‘ਚ ਭਗਵੰਤ ਮਾਨ ਨੂੰ ਸੀ. ਐੱਮ. ਦਾ ਚਿਹਰਾ ਐਲਾਨੇ ਜਾਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਬਣਨ ਲਈ ਕੇਜਰੀਵਾਲ ਪਿੱਛੇ ਘੁੰਮ ਰਿਹਾ ਹੈ ਪਰ ਕੇਜਰੀਵਾਲ ਉਸ ਨੂੰ ਪੁੱਛ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀ.ਐੱਮ. ਐਲਾਨ ਵੀ ਦਿੱਤਾ ਤਾਂ ਵੀ ਅਸਲੀ ਸੀ.ਐੱਮ. ਤਾ ਕੇਜਰੀਵਾਲ ਹੀ ਹੋਵੇਗਾ ਕਿਉਂਕਿ ਸਾਰੇ ਫੈਸਲੇ ਤਾਂ ਉਸ ਦੇ ਕਹੇ ‘ਤੇ ਹੀ ਤਾਂ ਹੋਣੇ ਹਨ।
2022 ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੇ ਭਵਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰ ਤਾਂ ਕਾਂਗਰਸ ਦੀ ਹੀ ਸਰਕਾਰ ਬਣੇਗੀ। ਸੀ.ਐੱਮ. ਚਿਹਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਲਈ ਸੀ.ਐਮ. ਚਿਹਰਾ ਬੜਾ ਜ਼ਰੂਰੀ ਹੁੰਦਾ ਹੈ, ਉਹ ਕੌਣ ਹੋਵੇਗਾ ਉਹ ਤਾਂ ਹਾਈਕਮਾਨ ਹੀ ਤੈਅ ਕਰੇਗੀ ਪਰ ਮੈਨੂੰ ਲੱਗਦਾ ਹੈ ਕਿ ਹਾਈਕਮਾਨ ਨੂੰ ਪੰਜਾਬ ‘ਚ ਸੀ.ਐੱਮ. ਚਿਹਰਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ।