ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ 12 ਅਤੇ 13 ਜਨਵਰੀ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ ਤੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿਸਤਾਨ ਵੱਲੋਂ ਬੀਤੇ ਇਕ ਹਫ਼ਤੇ ਤੋਂ ਲਗਾਤਾਰ ਘੁਸਪੈਠ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਸੈਕਟਰ ਵਿੱਚ ਹੈਰੋਇਨ ਦੇ 5 ਪੈਕਟ ਅਤੇ ਫਿਰੋਜ਼ਪੁਰ ਵਿੱਚ ਦੋ ਪੈਕਟ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਬੀ.ਐਸ.ਐਫ. ਨੇ ਕੰਡਿਆਲੀ ਤਾਰ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਪੰਜ ਪੈਕਟ ਹੈਰੋਇਨ ਫੜੀ ਹੈ, ਜਿਸ ਵਿੱਚ 4.760 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਫਿਰੋਜ਼ਪੁਰ ਸੈਕਟਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਦੋ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਗਏ, ਜਿਸ ਵਿੱਚ 1.3 ਕਿਲੋ ਹੈਰੋਇਨ ਬਰਾਮਦ ਹੋਈ। ਡੀ.ਆਈ.ਜੀ. ਨੇ ਕਿਹਾ ਕਿ ਬੀ.ਐਸ.ਐਫ. ਸਰਹੱਦ ’ਤੇ ਪੂਰੀ ਤਰ੍ਹਾਂ ਚੌਕਸ ਹੈ। ਧੁੰਦ ਵਿੱਚ ਆਧੁਨਿਕ ਉਪਕਰਨਾਂ ਨਾਲ ਗਸ਼ਤ ਕਰਦੇ ਹੋਏ ਦੇਸ਼ ਵਿਰੋਧੀ ਅਨਸਰਾਂ ਅਤੇ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ।
ਢਾਈ ਮਹੀਨਿਆਂ ‘ਚ ਇਕੱਲੇ ਫਿਰੋਜ਼ਪੁਰ ਸੈਕਟਰ ‘ਚੋਂ 100 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਜਦੋਂ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਚੋਣ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ ਹਨ, ਉਦੋਂ ਤੋਂ ਹੀ ਸਮੱਗਲਰਾਂ ਨੇ ਹੈਰੋਇਨ ਇਕੱਠੀ ਕਰਨ ਦਾ ਕੰਮ ਸ਼ੁਰੂ ਕਰ ਲਿਆ ਸੀ। ਨਵੰਬਰ ਤੋਂ ਲੈ ਕੇ ਹੁਣ ਤੱਕ ਬੀ.ਐਸ.ਐਫ. ਨੇ ਇਕੱਲੇ ਫਿਰੋਜ਼ਪੁਰ ਸੈਕਟਰ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਤੋਂ 100 ਕਿਲੋ ਤੋਂ ਵੱਧ ਹੈਰੋਇਨ ਫੜੀ ਹੈ, ਜਦੋਂਕਿ ਇਸ ਤੋਂ ਕਈ ਗੁਣਾ ਜ਼ਿਆਦਾ ਹੈਰੋਇਨ ਪਾਕਿਸਤਾਨ ਤੋਂ ਪੰਜਾਬ ਪਹੁੰਚੀ ਹੈ।