ਪੰਜਾਬ ‘ਚ ਆਏ ਹੜ੍ਹਾਂ ਨੇ ਬਿਜਲੀ ਵਿਭਾਗ ਨੂੰ ਵੱਡਾ ਝਟਕਾ ਦਿੱਤਾ ਹੈ। ਇਨ੍ਹਾਂ ਹੜ੍ਹਾਂ ਕਾਰਨ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੇ ਬੁਨਿਆਦੀ ਢਾਂਚੇ ‘ਚ ਭਾਰੀ ਨੁਕਸਾਨ ਝੇਲਣਾ ਪਿਆ ਹੈ। ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ‘ਚ ਸਥਿਤ UBDC ਹਾਈਡਲ ਪਾਵਰ ਪ੍ਰਾਜੈਕਟ ਨੂੰ ਹੋਇਆ ਜਿਸ ਨਾਲ ਇਕੱਲੇ 62.5 ਕਰੋੜ ਦਾ ਨੁਕਸਾਨ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਕੁੱਲ ਨੁਕਸਾਨ 102.58 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਹੜ੍ਹ ਮੀਂਹ ਤੇ ਸਤਲੁਜ ਤੇ ਬਿਆਸ ਨਦੀਆਂ ਵਿਚ ਉਫਾਨ ਕਾਰਨ ਆਏ ਜਿਸ ਨਾਲ ਖੇਤੀਯੋਗ ਜ਼ਮੀਨ, ਰਿਹਾਇਸ਼ੀ ਇਲਾਕੇ ਤੇ ਜਨਤਕ ਬੁਨਿਆਦੀ ਢਾਂਚੇ ਨੂੰ ਪਾਣੀ ‘ਚ ਡੋਬ ਦਿੱਤਾ।
PSPCL ਵੱਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਕਿ ਕੁੱਲ 2322 ਟਰਾਂਸਫਾਰਮਾਂ ਨੂੰ ਨੁਕਸਾਨ ਹੋਇਆ ਹੈ। ਜਿਸ ਨਾਲ 23.22 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਟਰਾਂਸਫਾਰਮਰ ਉੱਚ ਵੋਲਟੇਜ ਬਿਜਲੀ ਨੂੰ ਘਰੇਲੂ ਤੇ ਉਦਯੋਗ ਇਸਤੇਮਾਲ ਲਈ ਲੈਵਲ ‘ਤੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨੁਕਸਾਨੇ ਜਾਣ ਨਾਲ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। 7114 ਬਿਜਲੀ ਦੇ ਖੰਭੇ ਹੜ੍ਹ ਵਿਚ ਵਹਿ ਗਏ ਜਿਸ ਨਾਲ 3.56 ਕਰੋੜ ਰੁਪਏ ਦਾ ਨੁਕਸਾਨ ਹੋਇਆ। ਦੂਜੇ ਪਾਸੇ 864 ਕਿਲੋਮੀਟਰ ਲੰਬੀ ਕੰਡਕਟਰ ਤੇ ਬਿਜਲੀ ਸਪਲਾਈ ਤਾਰਾਂ ਨਸ਼ਟ ਹੋ ਗਈਆਂ ਜਿਸ ਨਾਲ 4.32 ਕਰੋੜ ਰੁਪਏ ਦਾ ਨੁਕਸਾਨ ਹੋਇਆ।