ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦਾ ਅਗਲਾ ਰੂਟ ਵੀ ਜਨਤਕ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੂਬਿਆਂ ਅੰਦਰ ਸੰਗਤਾਂ ਵੱਲੋਂ ਨਗਰ ਕੀਰਤਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ’ਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਇਸ ਸਮੇਂ ਮਹਾਰਾਸ਼ਟਰ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਜਿਥੋਂ ਇਹ 23 ਸਤੰਬਰ ਨੂੰ ਨਾਗਪੁਰ ਤੋਂ ਚੱਲ ਕੇ ਚੰਦਰਪੁਰ ਵਿਖੇ ਵਿਸ਼ਰਾਮ ਕਰੇਗਾ।
24 ਸਤੰਬਰ ਨੂੰ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਦਰਪੁਰ ਤੋਂ, 25 ਨੂੰ ਗੁਰਦੁਆਰਾ ਸਾਹਿਬ ਗੋਬਿੰਦ ਨਗਰ ਕਰੀਮਪੁਰ ਤੇਲੰਗਾਨਾ ਤੋਂ, 26 ਸਤੰਬਰ ਨੂੰ ਗੁਰਦੁਆਰਾ ਬ੍ਰਹਮਬਾਲਾ ਸਾਹਿਬ ਸਿੱਖ ਛਾਉਣੀ ਹੈਦਰਾਬਾਦ ਤੋਂ, 27 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਕਲੋਨੀ ਵਿਜੈਵਾੜਾ ਤੋਂ, 28 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਚੇਨਈ ਤਾਮਿਲਨਾਡੂ ਤੋਂ, 29 ਸਤੰਬਰ ਨੂੰ ਗੁਰਦੁਆਰਾ ਸਾਹਿਬ ਉਰਸੂਲ ਬੰਗਲੌਰ ਤੋਂ, 30 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੁਬਲੀ ਕਰਨਾਟਕਾ ਤੋਂ, 1 ਅਕਤੂਬਰ ਨੂੰ ਗੁਰਦੁਆਰਾ ਗੁਰੂ ਦਰਬਾਰ ਬਾਬਾ ਨਾਨਕ ਕੋਹਲਾਪੁਰ ਮਹਾਰਾਸ਼ਟਰ ਤੋਂ ਚੱਲ ਕੇ ਪੂਨੇ ਮਹਾਰਾਸ਼ਟਰ ਜਾਵੇਗਾ, ਜਿਥੋਂ 3 ਅਕਤੂਬਰ ਨੂੰ ਸੋਲਾਪੁਰ ਮਹਾਰਾਸ਼ਟਰ ਲਈ ਰਵਾਨਾ ਹੋਵੇਗਾ।
ਇਸੇ ਤਰ੍ਹਾਂ 4 ਅਕਤੂਬਰ ਨੂੰ ਸੋਲਾਪੁਰ ਤੋਂ ਚਲ ਕੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕਾ ਪੁੱਜੇਗਾ, ਜਿਥੋਂ 5 ਅਕਤੂਬਰ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਮਹਾਰਾਸ਼ਟਰ ਪਹੁੰਚੇਗਾ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਨੂੰ ਨਾਂਦੇੜ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਵੇਗਾ ਅਤੇ 7 ਅਕਤੂਬਰ ਨੂੰ ਇਹ ਨਗਰ ਕੀਰਤਨ ਔਰੰਗਾਬਾਦ ਮਹਾਰਾਸ਼ਟਰ ਲਈ ਰਵਾਨਾ ਹੋਵੇਗਾ। 8 ਅਕਤੂਬਰ ਨੂੰ ਔਰੰਗਾਬਾਦ ਤੋਂ ਮਨਮਾੜ, 9 ਅਕਤੂਬਰ ਨੂੰ ਮਨਮਾੜ ਤੋਂ ਉਲ੍ਹਾਸਨਗਰ ਮੁੰਬਈ, 10 ਅਕਤੂਬਰ ਨੂੰ ਓੁਲ੍ਹਾਸਨਗਰ ਤੋਂ ਖਾਲਸਾ ਕਾਲਜ ਮਾਟੂੰਗਾ ਮੁੰਬਈ, 11 ਅਕਤੂਬਰ ਨੂੰ ਮਾਟੂੰਗਾ ਤੋਂ ਗੁਰਦੁਆਰਾ ਨਾਨਕ ਦਰਬਾਰ ਬੋਰੀਵਾਲੀ ਮੁੰਬਈ, 12 ਅਕਤੂਬਰ ਨੂੰ ਬੋਰੀਵਾਲੀ ਤੋਂ ਸੂਰਤ ਗੁਜਰਾਤ, 13 ਅਕਤੂਬਰ ਨੂੰ ਸੂਰਤ ਤੋਂ ਅਹਿਮਦਾਬਾਦ, 14 ਅਕਤੂਬਰ ਨੂੰ ਅਹਿਮਦਾਬਾਦ ਤੋਂ ਇੰਦੌਰ ਮੱਧ ਪ੍ਰਦੇਸ਼ ਜਾਵੇਗਾ, ਜਿਥੋਂ 16 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਅਮਰਗੜ੍ਹ ਡੇਰਾ ਕਾਰਸੇਵਾ ਕੋਟਾਂ ਵਿਖੇ ਪਹੁੰਚੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਪੰਜਾਬ ਵਿਚ ਪ੍ਰਵੇਸ਼ ਕਰੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਇਤਿਹਾਸਕ ਮੌਕਿਆਂ ’ਤੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰੀਏ।