ਚੰਡੀਗੜ੍ਹ ਏਅਰਪੋਰਟ 26 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ 13 ਦਿਨਾਂ ਲਈ ਬੰਦ ਰਹੇਗਾ। ਚੰਡੀਗੜ੍ਹ ਏਅਰਪੋਰਟ ਚੱਲਣ ਵਾਲੀਆਂ ਸਾਰੀਆਂ 33 ਘਰੇਲੂ ਤੇ 2 ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਣਗੀਆਂ। ਏਅਰਪੋਰਟ ਬੰਦ ਹੋਣ ਕਰਕੇ ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦਰਮਿਆਨ ਹਰਿਆਣਾ ਦੇ ਊਰਜਾ, ਆਵਾਜਾਈ ਮੰਤਰੀ ਅਨਿਲ ਵਿਜ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੂੰ ਚਿੱਠੀ ਲਿਖ ਕੇ ਅੰਬਾਲਾ ਡੋਮੈਸਟਿਕ ਏਅਰਪੋਰਟ ਨੂੰ ਅਸਥਾਈ ਬਦਲ ਵਜੋਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਵਿਜ ਨੇ ਕਿਹਾ ਕਿ ਅੰਬਾਲਾ ਏਅਰਪੋਰਟ ਚੰਡੀਗੜ੍ਹ ਤੋਂ ਸਿਰਫ 50 ਕਿਲੋਮੀਟਰ ਦੀ ਦੂਰੀ ‘ਤੇ ਹੈ ਤੇ ਇਥੋਂ ਉਡਾਣਾਂ ਚਲਾਉਣਾ ਪੂਰੀ ਤਰ੍ਹਾਂ ਸੰਭਵ ਹੈ।