ਚੰਡੀਗੜ੍ਹ : ਹਰਿਆਣਾ ਦੀ ਕੈਬਨਿਟ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਲੋਕਾਂ ਦੇ ਪਰਵਾਰ ਦੇ ਇੱਕ-ਇੱਕ ਜੀਅ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਇਜਾਜਤ ਦੇ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਵਿਚ ਇਸ ਨੂੰ ਸਹੂਲਤਜਨਕ ਬਣਾਉਣ ਲਈ ਇਕਰਾਰਨਾਮਾ ਵਿਅਕਤੀਆਂ ਦੀ ਤਾਇਨਾਤੀ ਨੀਤੀ, 2022 ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸੋਧ ਨੀਤੀ ਵਿਚ ਇਕ ਨਵੀਂ ਧਾਰਾ ਸ਼ਾਮਲ ਕੀਤੀ ਗਈ ਹੈ, ਜਿਸ ਵਿਚ ਸਰਬਸੰਮਤੀ ਨਾਲ ਪਛਾਣੇ ਗਏ ਹਰ ਕਤਲੇਆਮ ਪੀੜਤ ਦੇ ਪਰਵਾਰਕ ਜੀਅ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ (ਐਚ.ਕੇ.ਆਰ.ਐਨ.) ਵਲੋਂ ਨਿਰਧਾਰਤ ਯੋਗਤਾ ਦੇ ਮਾਪਦੰਡਾਂ ਦੇ ਅਧਾਰ ਉਤੇ ਲੈਵਲ 1, 2 ਜਾਂ 3 ਸ਼੍ਰੇਣੀਆਂ ਦੇ ਤਹਿਤ ਇਕ ਢੁਕਵੀਂ ਨੌਕਰੀ ਉਤੇ ਤਾਇਨਾਤੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
			
		    






