ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ-ਯੂ.ਕੇ. ਰਣਨੀਤਿਕ ਗੱਲਬਾਤ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਬਰਤਾਨੀਆ ਨਾਲ ਵਿਸ਼ੇਸ਼ ਕਰਕੇ ਹੁਣ ਤੱਕ ਅਣਛੋਹੇ ਰਹੇ ਖੇਤਰਾਂ ਵਿੱਚ ਮਜ਼ਬੂਤ ਅਤੇ ਵਿਆਪਕ ਰਣਨੀਤਿਕ ਤੇ ਕਾਰੋਬਾਰੀ ਸਬੰਧਾਂ ‘ਤੇ ਜ਼ੋਰ ਦਿੱਤਾ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਅਤੇ ਯੂ.ਕੇ. ਨਾਲ ਸਬੰਧਤ ਵੱਖ-ਵੱਖ ਅਤੇ ਬਹੁ-ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਵਾਇਤੀ ਅਤੇ ਨਵੇਂ ਉੱਭਰ ਰਹੇ ਖੇਤਰਾਂ ਵਿੱਚ ਯੂ.ਕੇ. ਨਾਲ ਮਜ਼ਬੂਤ ਕਾਰੋਬਾਰੀ ਸਬੰਧਾਂ ਦੀ ਸਾਂਝ ਪਾਉਣ ਦਾ ਇਛੁੱਕ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਸਹਿਯੋਗ ਦੇ ਪੰਜ ਮੁੱਖ ਖੇਤਰਾਂ ਜਿਨ੍ਹਾਂ ਵਿੱਚ ਉਚੇਰੀ ਸਿੱਖਿਆ, ਟੈਕਸਟਾਈਲ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸ਼ਾਮਲ ਹਨ, ਦੇ ਨਾਲ-ਨਾਲ ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ, ਸੂਚਨਾ ਤਕਨਾਲੋਜੀ ਅਤੇ ਵਪਾਰਕ ਸੇਵਾਵਾਂ ਸਮੇਤ ਨਵੇਂ ਉੱਭਰ ਰਹੇ ਖੇਤਰਾਂ ਦੀ ਪਛਾਣ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਸਮਰੱਥਾਵਾਂ ਨੂੰ ਦਰਸਾਉਂਦਿਆਂ ਇੱਕ ਵਿਸਤ੍ਰਿਤ ਖਾਕਾ ਪੇਸ਼ ਕੀਤਾ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਕਿ ਪੰਜਾਬ ਵਿੱਚ ਪੰਜ ਹਵਾਈ ਅੱਡਿਆਂ ਅਤੇ ਮਜ਼ਬੂਤ ਕੌਮੀ ਰਾਜਮਾਰਗ ਲਿੰਕਾਂ ਨਾਲ ਵਿਸ਼ਵ ਪੱਧਰੀ ਤੇ ਮਜ਼ਬੂਤ ਸੰਪਰਕ ਨੈਟਵਰਕ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਧੇਰੇ ਹੁਨਰਮੰਦ ਕਾਰਜਬਲ ਹੈ, ਜੋ ਹਰ ਖੇਤਰ ਦੇ ਵਿਕਾਸ ਦੀ ਕੁੰਜੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਹੋਰਨਾਂ ਦੇ ਮੁਕਾਬਲੇ ਕਿਫ਼ਾਇਤੀ ਅਤੇ ਸ਼ਾਂਤਮਈ ਲੇਬਰ ਪੂਲ ਦੀ ਪੇਸ਼ਕਸ਼ ਕਰਦਾ ਹੈ, ਜੋ ਇਸਨੂੰ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਕੋਲ ਇੱਕ ਏਕੀਕ੍ਰਿਤ ਨਿਵੇਸ਼ ਪ੍ਰਣਾਲੀ ਹੈ ਅਤੇ ਇਨਵੈਸਟ ਪੰਜਾਬ, ਇੱਕ ਸਿੰਗਲ ਵਿੰਡੋ ਸਿਸਟਮ ਵਜੋਂ ਕੰਮ ਕਰਦਾ ਹੈ, ਜੋ ਡੀਮਡ ਅਪਰੂਵਲ ਢਾਂਚੇ ਦੇ ਨਾਲ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਦਾਨ ਕਰਦਾ ਹੈ, ਜਿਸ ਨਾਲ ਸਿਸਟਮ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਬੱਝਦਾ ਹੈ। ਉਨ੍ਹਾਂ ਨੇ ਸੂਬੇ ਦੇ ਫਾਸਟ-ਟਰੈਕ ਪੋਰਟਲ ਅਤੇ ਸਿੰਗਲ-ਵਿੰਡੋ ਸਹੂਲਤ ‘ਤੇ ਵੀ ਚਾਨਣਾ ਪਾਇਆ, ਜਿਸ ਦਾ ਉਦੇਸ਼ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਪਾਲਣਾਵਾਂ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣਾ ਅਤੇ ਪੰਜਾਬ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਵਧੇਰੇ ਸਹਿਜ ਬਣਾਉਣਾ ਹੈ।







