ਮਾਨਸਾ , 14 ਜਨਵਰੀ : ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਜੰਮਪਲ ਐਡਵੋਕੇਟ ਦਿਲਜੋਤ ਸ਼ਰਮਾ ਦੀ ਲੁਧਿਆਣਾ ਵਿਖੇ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਦੀਆਂ ਮਜ਼ਦੂਰ, ਕਿਸਾਨ, ਵਿਦਿਆਰਥੀ ਅਤੇ ਹੋਰ ਜਨਤਕ ਜਥੇਬੰਦੀਆਂ ਦੀ ਇਥੇ ਹੋਈ ਇਕ ਸਾਂਝੀ ਮੀਟਿੰਗ ਨੇ ਦਿਲਜੋਤ ਸ਼ਰਮਾ ਦੀ ਲੁਧਿਆਣਾ ਵਿਖੇ ਲਲਕਾਰ ਜਥੇਬੰਦੀ ਦੇ ਦਫ਼ਤਰ ਵਿਚ 5 ਜਨਵਰੀ ਨੂੰ ਹੋਈ ਗੈਰ ਕੁਦਰਤੀ ਮੌਤ ਬਾਰੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੂੰ ਹਿਦਾਇਤ ਕਰਨ ਕਿ ਉਹ ਤੁਰੰਤ ਕੇਸ ਦਰਜ ਕਰਕੇ ਸ਼ੱਕੀਆਂ ਨੂੰ ਗ੍ਰਿਫਤਾਰ ਕਰੇ।
ਅੱਜ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਕਾਮਰੇਡ ਨਛੱਤਰ ਸਿੰਘ ਖੀਵਾ ਮੈਂਬਰ ਕੇਂਦਰੀ ਕੰਟਰੋਲ ਕਮਿਸ਼ਨ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਘਰਾਂਗਣਾ, ਗੁਰਸੇਵਕ ਮਾਨ, ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ, ਸ਼ੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਸਰਬਜੀਤ ਕੌਸ਼ਲ, ਆਈ ਡੀ ਪੀ ਦੇ ਜਗਰਾਜ ਸਿੰਘ ਰੱਲਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਮਨਿੰਦਰ ਸਿੰਘ ਜਵਾਹਰਕੇ, ਲਿਬਰੇਸ਼ਨ ਦੇ ਸੂਬਾਈ ਆਗੂ ਸੁਖਦਰਸ਼ਨ ਨੱਤ, ਸੁਰਿੰਦਰਪਾਲ ਸ਼ਰਮਾ, ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਦਾਨੇਵਾਲੀਆ, ਸੀ ਪੀ ਆਈ ਦੇ ਜ਼ਿਲ੍ਹਾ ਆਗੂ ਰਤਨ ਭੋਲਾ, ਮੁਜ਼ਾਰਾ ਲਹਿਰ ਦੇ ਉੱਘੇ ਆਗੂ ਕਾਮਰੇਡ ਧਰਮ ਸਿੰਘ ਫੱਕਰ ਦੇ ਪੋਤੇ ਬਲਵੰਤ ਸਿੰਘ ਫੱਕਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ, ਸ਼ਹੀਦ ਲਾਭ ਸਿੰਘ ਮਾਨਸਾ ਯਾਦਗਾਰ ਕਮੇਟੀ ਦੇ ਕਨਵੀਨਰ ਹਰਗਿਆਨ ਢਿੱਲੋਂ, ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੇ ਆਗੂ ਬਲਵਿੰਦਰ ਕੌਰ ਬੈਰਾਗੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਗੁਰਪ੍ਰਣਾਮ ਦਾਸ, ਦਸ਼ਮੇਸ਼ ਅਕੈਡਮੀ ਮਾਨਸਾ ਦੇ ਹਰਜੀਵਨ ਸਿੰਘ ਸਰਾਂ, ਏਕਟੂ ਦੇ ਅੰਗਰੇਜ਼ ਸਿੰਘ ਘਰਾਂਗਣਾ, ਦਿਲਜੋਤ ਕੌਰ ਦੇ ਭਰਾ ਅਭਿਸ਼ੇਕ ਸ਼ਰਮਾ, ਮਾਮਾ ਕੌਰ ਸੈਨ ਅਤੇ ਗੁਰਜੰਟ ਸਿੰਘ ਹਾਜ਼ਰ ਸਨ।
ਵਿਚਾਰ ਕਰਨ ਤੋਂ ਬਾਅਦ ਮੀਟਿੰਗ ਨੇ ਫੈਸਲਾ ਕੀਤਾ ਕਿ 22 ਜਨਵਰੀ 2026 ਨੂੰ ਸਵੇਰੇ 11 ਵਜੇ ਜ਼ਿਲੇ ਦੀਆਂ ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵਲੋਂ ਮਾਨਸਾ ਜ਼ਿਲਾ ਕਚਹਿਰੀ ਵਿਖੇ ਦਿਲਜੋਤ ਕੌਰ ਦੀ ਗੈਰ ਕੁਦਰਤੀ ਮੌਤ ਖਿਲਾਫ ਹਾਲੇ ਤੱਕ ਐਫ ਆਈ ਆਰ ਤੱਕ ਦਰਜ਼ ਨਾ ਕਰਨ ਦੇ ਵਿਰੋਧ ਵਿੱਚ ਇਕ ਰੋਸ ਧਰਨਾ ਦਿੱਤਾ ਜਾਵੇਗਾ। ਉਸ ਧਰਨੇ ਵਲੋਂ ਐਸ ਐਸ ਪੀ ਮਾਨਸਾ ਰਾਹੀਂ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਜਾਵੇਗੀ ਕਿ ਭੇਦਭਰੀ ਹਾਲਤ ਵਿੱਚ ਹੋਈ ਐਡਵੋਕੇਟ ਦਿਲਜੋਤ ਕੌਰ ਦੀ ਮੌਤ ਸਬੰਧੀ ਕੇਸ ਤੁਰੰਤ ਦਰਜ ਕੀਤਾ ਜਾਵੇ , ਤਾਂ ਜ਼ੋ ਦੋਸ਼ੀਆਂ ਨੂੰ ਬਣਦੀ ਸਜ਼ਾ ਅਤੇ ਦੁੱਖੀ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਮੀਟਿੰਗ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਅਤੇ ਮਾਨਸਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 18 ਜਨਵਰੀ ਨੂੰ ਐਡਵੋਕੇਟ ਦਿਲਜੋਤ ਸ਼ਰਮਾ ਦੇ ਭੋਗ ਮੌਕੇ ਗੁਰਦੁਆਰਾ ਸੰਗਤਸਰ ਸਾਹਿਬ ਰੱਲਾ ਵਿਖੇ ਜ਼ਰੂਰ ਪਹੁੰਚਣ , ਜਿਥੇ ਉਦੋਂ ਤੱਕ ਪੁਲਿਸ ਵਲੋਂ ਬਣਦੀ ਨਾ ਕੀਤੇ ਜਾਣ ਦੀ ਸੂਰਤ ਵਿੱਚ ਸਾਂਝੀ ਐਕਸ਼ਨ ਕਮੇਟੀ ਵੱਲੋਂ ਅਗਲੇ ਜਨਤਕ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਲੋਂ ਮਾਨਸਾ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਦਿਲਜੋਤ ਕੌਰ ਸ਼ਰਮਾ ਲਈ ਇਨਸਾਫ਼ ਮੰਗਣ ਦੇ ਇਸ ਸੰਘਰਸ਼ ਵਿੱਚ ਸਾਥ ਤੇ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਗਈ।







