ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਦੇਖਣ ਨੂੰ ਮਿਲਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਮੈਂ ਕਾਂਗਰਸ ਨਾਲ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ।
ਮੈਂ ਹਮੇਸ਼ਾ ਕਾਂਗਰਸ ਹਾਈਕਮਾਨ ਦੇ ਨਾਲ ਹਾਂ ਅਤੇ ਮੈਨੂੰ ਪਾਰਟੀ ਦਾ ਹਰ ਫ਼ੈਸਲਾ ਮਨਜ਼ੂਰ ਹੈ ਪਰ ਜਿੰਨਾਂ ਮੈਂ ਹਾਈਕਮਾਨ ਨਾਲ ਹਾਂ, ਉਸ ਤੋਂ ਦੁੱਗਣਾ ਪੰਜਾਬ ਦੇ ਨਾਲ ਹਾਂ। ਸਿੱਧੂ ਨੇ ਕਿਹਾ ਕਿ ਜੇ ਪੰਜਾਬ ਦਾ ਭਲਾ ਕਰਨਾ ਹੈ ਤਾਂ ਪੰਜਾਬ ਮਾਡਲ ਵਿਚੋਂ ਚੰਗੀਆਂ ਚੀਜ਼ਾਂ ਲਾਗੂ ਕਰਨੀਆਂ ਹੀ ਪੈਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਸਾਰੇ ਪੰਜਾਬੀਆਂ ਦਾ ਮਾਡਲ ਹੈ, ਉਹ ਇਸ ਮਾਡਲ ਨੂੰ ਆਪਣੇ ਫੇਸਬੁੱਕ ਪੇਜ਼ ’ਤੇ ਵੀ ਸਾਂਝਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਪਹਿਲਾਂ ਹੀ ਕਾਂਗਰਸ ਨੂੰ ਦੇ ਚੁੱਕੇ ਹਨ, ਹੁਣ ਜਦੋਂ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਹੀ ਦਿੱਤਾ ਹੈ ਤਾਂ ਹੁਣ ਚੰਨੀ ਕੋਲ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਤਾਕਤ ਹੈ।
ਵਿਰੋਧੀਆਂ ਵੱਲੋਂ ਸੀ.ਐੱਮ. ਚੰਨੀ ਅਤੇ ਕਾਂਗਰਸ ਪਾਰਟੀ ਨੂੰ ਘੇਰਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਜੋ ਮਰਜ਼ੀ ਕਹਿਣ, ਹੁਣ ਫ਼ੈਸਲਾ ਲੋਕਾਂ ਦੇ ਹੱਥ ‘ਚ ਹੈ। ਸਿੱਧੂ ਨੇ ਕਿਹਾ ਕਿ ਅੱਜ ਹੱਕ ਹਲਾਲ ਅਤੇ ਹਰਾਮ ਦੀ ਲੜਾਈ ਹੈ। ਇਕ ਪਾਸੇ ਮਾਫੀਆ ਅਤੇ ਦੂਜੇ ਪਾਸੇ ਨਵਜੋਤ ਸਿੱਧੂ ਵਰਗੇ ਲੋਕ ਖੜ੍ਹੇ ਹਨ।