ਪੰਜਾਬ ਪੁਲਿਸ ਨੇ ਰਸਮੀ ਤੌਰ ‘ਤੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ, ਜੋ ਸੂਬੇ ਵਿੱਚ ਸੰਗਠਿਤ ਅਪਰਾਧ ਵਿਰੁੱਧ ਇੱਕ ਨਿਰਣਾਇਕ ਅਤੇ ਵੱਡੇ ਪੱਧਰ ਦੀ ਜੰਗ ਦਾ ਆਗਾਜ਼ ਹੈ। ‘ਨਸ਼ਿਆਂ ਵਿਰੁੱਧ ਜੰਗ’ ਦੀ ਸਫਲਤਾ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਆਪਣਾ ਧਿਆਨ ਸੰਗਠਿਤ ਅਪਰਾਧ ਵੱਲ ਮੋੜਿਆ ਹੈ। ਨਸ਼ਾ ਵਿਰੋਧੀ ਮੁਹਿੰਮ ਤਹਿਤ ਕਈ ਵੱਡੇ-ਛੋਟੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ ਸਪਲਾਈ ਚੇਨ ਤੇ ਸਟ੍ਰੀਟ ਲੈਵਲ ਨੈੱਟਵਰਕ ਨੂੰ ਕਾਫ਼ੀ ਹੱਦ ਤੱਕ ਤੋੜ ਦਿੱਤਾ ਗਿਆ ਹੈ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਸਰਹੱਦ ਪਾਰੋਂ ਨਸ਼ੇ ਧੱਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਸਰਕਾਰ ਨੇ ਐਂਟੀ-ਡਰੋਨ ਸਿਸਟਮ ਲਗਾ ਕੇ ਕਰਾਰਾ ਜਵਾਬ ਦਿੱਤਾ ਹੈ।
‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਡੂੰਘੀ ਯੋਜਨਾਬੰਦੀ ਅਤੇ ਮੁਲਾਂਕਣ ਤੋਂ ਬਾਅਦ ਜੰਗੀ ਪੱਧਰ ‘ਤੇ ਸ਼ੁਰੂ ਕੀਤੀ ਗਈ ਹੈ। ਇਹ ਦੇਸ਼ ਵਿੱਚ ਗੈਂਗਸਟਰਵਾਦ ਵਿਰੁੱਧ ਸਭ ਤੋਂ ਵੱਡੀ ਅਤੇ ਗੰਭੀਰ ਕਾਰਵਾਈਆਂ ਵਿੱਚੋਂ ਇੱਕ ਹੈ।
ਧਮਕੀਆਂ ਦੇਣ ਵਾਲੇ ਜਾਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ। ਜੇਕਰ ਕੋਈ ਗੈਂਗਸਟਰ ਗੋਲੀਆਂ ਚਲਾਏਗਾ, ਤਾਂ ਉਸ ਨੂੰ ਗੋਲੀਆਂ ਨਾਲ ਹੀ ਜਵਾਬ ਦਿੱਤਾ ਜਾਵੇਗਾ।
ਪੰਜਾਬ ਪੁਲਿਸ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਸਬੰਧੀ ਕੇਂਦਰ ਸਰਕਾਰ ਨਾਲ ਤਾਲਮੇਲ ਕਰ ਰਹੀ ਹੈ ਅਤੇ ਉਨ੍ਹਾਂ ਦੀ ਹਵਾਲਗੀ ਲਈ ਪੂਰੀ ਤਿਆਰੀ ਹੈ। ਦੋਸ਼ੀਆਂ ਦੇ ਡੋਜ਼ੀਅਰ ਤਿਆਰ ਕਰਕੇ ਸਾਂਝੇ ਕੀਤੇ ਗਏ ਹਨ ਅਤੇ ਪੰਜਾਬ ਪੁਲਿਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਪਰਾਧੀਆਂ ਦਾ ਪਿੱਛਾ ਕਰੇਗੀ।
ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ 93946-93946 ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਗੈਂਗਸਟਰਾਂ ਵਿਰੁੱਧ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ।
ਗੈਂਗਸਟਰਵਾਦ ਅਤੇ ਨਸ਼ਾ ਪਿਛਲੀਆਂ ਸਰਕਾਰਾਂ ਵੱਲੋਂ ਬੀਜੇ ਗਏ ਜ਼ਹਿਰੀਲੇ ਬੂਟੇ ਹਨ। ਮਾਨ ਸਰਕਾਰ ਪੰਜਾਬ ਨੂੰ ਇਨ੍ਹਾਂ ਕੰਡਿਆਂ ਤੋਂ ਮੁਕਤ ਕਰਨ ਲਈ ਵਚਨਬੱਧ ਹੈ।






