ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਭਾਜਪਾ (BJP) ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਅਨਿਲ ਕੁਮਾਰ ਸੇਠੀ ਨੂੰ ਰਸਮੀ ਤੌਰ ‘ਤੇ ਪਾਰਟੀ ਦਾ ਸਿਰੋਪਾ ਪਾ ਕੇ ‘ਆਪ’ ਪਰਿਵਾਰ ਵਿੱਚ ਸ਼ਾਮਲ ਕਰਵਾਇਆ।
ਸੋਸ਼ਲ ਮੀਡੀਆ ਤਸਵੀਰਾਂ ਸਮੇਤ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ, ਅੱਜ ਫਾਜ਼ਿਲਕਾ ਤੋਂ ਸੀਨੀਅਰ ਸਿਆਸਤਦਾਨ ਅਨਿਲ ਕੁਮਾਰ ਸੇਠੀ (ਨੀਲੂ) ਜੀ ਪਾਰਟੀ ਵਿੱਚ ਸ਼ਾਮਲ ਹੋਏ। ਸੇਠੀ ਜੀ, ਜੋ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਸਟੇਟ ਐਗਜ਼ੀਕਿਊਟਿਵ ਮੈਂਬਰ ਰਹਿ ਚੁੱਕੇ ਹਨ ਅਤੇ ਫਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ, ਉਨ੍ਹਾਂ ਦਾ ਸਾਡੇ ਨਾਲ ਜੁੜਨਾ ਦਰਸਾਉਂਦਾ ਹੈ ਕਿ ਲੋਕ ਹੁਣ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਵਿਕਾਸ ਦੀ ਰਾਜਨੀਤੀ ਨਾਲ ਜੁੜ ਰਹੇ ਹਨ। ਅਸੀਂ ਉਨ੍ਹਾਂ ਦਾ ‘ਆਪ’ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਾਂਗੇ।”







