ਯੂਕਰੇਨ ‘ਚ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਤੋਂ ਪੜ੍ਹਾਈ ਲਈ ਗਏ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਤ ਹਨ। ਉਥੇ ਹੀ ਮੋਗਾ ਸ਼ਹਿਰ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਇਸ ਸਮੇਂ ਉਥੇ ਫਸਿਆ ਹੋਇਆ ਹੈ, ਜਿਸ ਦੀ ਵਾਪਸੀ ਨੂੰ ਲੈ ਕੇ ਮਾਪੇ ਕਾਫੀ ਪ੍ਰੇਸ਼ਾਨ ਹਨ ਅਤੇ ਉਸ ਦੇ ਸੁਰੱਖਿਅਤ ਵਾਪਸੀ ਦੀ ਕਾਮਨਾ ਕਰ ਰਹੇ ਹਨ। ਜਸ਼ਨਪ੍ਰੀਤ ਸਿੰਘ 2019 ‘ਚ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਵੈਸਟਨ ਸਾਈਟ ਗਿਆ ਸੀ।
ਅੱਜ ਜਸ਼ਨਪ੍ਰੀਤ ਨਾਲ ਫੋਨ ‘ਤੇ ਗੱਲਬਾਤ ਹੋਈ, ਗੱਲਬਾਤ ਦੌਰਾਨ ਜਸ਼ਨਪ੍ਰੀਤ ਨੇ ਕਿਹਾ ਕਿ ਉਹ ਸੁਰੱਖਿਅਤ ਹੈ। ਪਰਿਵਾਰ ਬੇਟੇ ਦੇ ਸਹੀ ਸਲਾਮਤ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਉਹ 24 ਤਰੀਕ ਨੂੰ ਕਿਸੇ ਵੀ ਤਰ੍ਹਾਂ ਭਾਰਤ ਆਉਣਾ ਸੀ ਪਰ ਨਹੀਂ ਆ ਸਕਿਆ।
ਜਸ਼ਨਪ੍ਰੀਤ ਨੇ ਦੱਸਿਆ ਕਿ ਕਾਲਜ ਵੱਲੋਂ ਸਾਰੇ ਵਿਦਿਆਰਥੀਆਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ ਅਤੇ ਉਹ ਲੜਾਈ ਵਾਲੀ ਥਾਂ ਤੋਂ ਕਰੀਬ 800 ਕਿਲੋਮੀਟਰ ਦੂਰ ਹਨ ਅਤੇ ਉਸ ਨੂੰ ਕੱਲ੍ਹ ਹੰਗਰੀ ਭੇਜ ਦਿੱਤਾ ਜਾਵੇਗਾ ਅਤੇ ਉਥੋਂ ਉਹ ਵਾਪਸ ਭਾਰਤ ਆ ਜਾਵੇਗਾ।
ਦੱਸ ਦਈਏ ਕਿ ਰੂਸੀ ਫੌਜਾਂ ਨੇ ਦੂਜੇ ਦਿਨ ਵੀ ਹਮਲੇ ਜਾਰੀ ਰੱਖੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫੌਜੀ ਜਵਾਨ ਮਾਰੇ ਗਏ ਹਨ।