ਦੁੱਧ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਹੁਣ ਐੱਲ.ਪੀ.ਜੀ. ਸਿਲੰਡਰ ‘ਚ ਵੀ ਵਾਧਾ ਕੀਤਾ ਗਿਆ ਹੈ। ਦੱਸ ਦੇਈਏ ਕਿ ਅੱਜ ਯਾਨੀ ਇੱਕ ਮਾਰਚ ਤੋਂ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। ਸਿਲੰਡਰ ਦੀਆਂ ਕੀਮਤਾਂ ਵਿੱਚ 105 ਰੁਪਏ ਦਾ ਵਾਧਾ ਹੋ ਗਿਆ ਹੈ। ਇਸ ਤੋਂ ਪਹਿਲਾਂ ਅਮੂਲ ਅਤੇ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਸੀ।
ਐੱਲ.ਪੀ.ਜੀ. ਸਿਲੰਡਰ ‘ਚ ਹੋਏ ਇਸ ਵਾਧੇ ਨੂੰ ਯੂਕਰੇਨ ਸੰਕਟ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਜ ਰਾਜਾਂ ਦੀਆਂ ਚੋਣਾਂ ਖਤਮ ਹੁੰਦੇ ਹੀ ਘਰੇਲੂ ਐੱਲ.ਪੀ.ਜੀ. ਸਿਲੰਡਰ ਵੀ ਮਹਿੰਗਾ ਹੋ ਸਕਦਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਹਰ ਮਹੀਨੇ ਸੋਧੀ ਜਾਂਦੀ ਹੈ।
ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਹੋਟਲ ਤੇ ਰੈਸਟੋਰੈਂਟ ਚਲਾਉਣ ਵਾਲੇ ਕਾਰੋਬਾਰੀਆਂ ਦੀ ਜੇਬ ‘ਤੇ ਜ਼ਿਆਦਾ ਅਸਰ ਪੈਣ ਵਾਲਾ ਹੈ।