ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੁੜੀਆਂ ਨੂੰ ਸ਼ਾਮ 7 ਵਜੇ ਤੋਂ ਬਾਅਦ ਘਰੋਂ ਬਾਹਰ ਨਾ ਨਿਕਲਣ ਦੀ ਨਸੀਹਤ ਦੇਣ ‘ਤੇ ਭਾਜਪਾ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇਣ ਵਿੱਚ ਨਾਕਾਮ ਭਾਜਪਾ ਸਰਕਾਰ ਹੁਣ ਧੀਆਂ ਦੀ ਆਜ਼ਾਦੀ ‘ਤੇ ਪਾਬੰਦੀ ਲਗਾ ਰਹੀ ਹੈ। ਜਦਕਿ ਉਸ ਨੂੰ ਸੀਸੀਟੀਵੀ ਕੈਮਰੇ ਲਗਾ ਕੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨੀ ਚਾਹੀਦੀ ਹੈ, ਪਰ ਸਰਕਾਰ ਆਪਣਾ ਨਿਕੰਮਾਪਣ ਛੁਪਾ ਰਹੀ ਹੈ। ‘‘ਆਪ’’ ਸਰਕਾਰ ਵੇਲੇ 2.62 ਲੱਖ ਸੀਸੀਟੀਵੀ ਕੈਮਰੇ ਅਤੇ 2.80 ਲੱਖ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਖ਼ਰਾਬ ਪਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਵੀ ਸੁਤੰਤਰ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਵੀ ਆਜ਼ਾਦੀ ਨਾਲ ਜਿਊਣ ਦਾ ਪੂਰਾ ਅਧਿਕਾਰ ਹੈ। ਸਰਕਾਰ ਨੂੰ ਗਿਆਨ ਵੰਡਣ ਦੀ ਬਜਾਏ ਦਿੱਲੀ ਦੇ ਲੋਕਾਂ ਲਈ ਸੁਰੱਖਿਆ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ।
ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਸਥਾ ਕੁੰਜ ਰੇਪ ਕੇਸ ਤੋਂ ਬਾਅਦ ਦਿੱਲੀ ਦੀਆਂ ਛਾਤਰਾਵਾਂ ਬਹੁਤ ਜ਼ਿਆਦਾ ਗੁੱਸੇ ਵਿੱਚ ਹਨ। ਬਹੁਤ ਸਾਰੇ ਮਹਿਲਾ ਕਾਲਜਾਂ ਦੀਆਂ ਛਾਤਰਾਵਾਂ ਸੜਕਾਂ ‘ਤੇ ਹਨ ਅਤੇ ਆਪਣੀ ਸੁਰੱਖਿਆ ਦੀ ਮੰਗ ਕਰ ਰਹੀਆਂ ਹਨ। ਸਰਕਾਰ ਨੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਉਦੋਂ ਛਿੜਕਿਆ, ਜਦੋਂ ਉਨ੍ਹਾਂ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ। ਸਰਕਾਰ ਨੇ ਕੁੜੀਆਂ ਨੂੰ ਕਿਹਾ ਹੈ ਕਿ ਸ਼ਾਮ ਨੂੰ ਘਰੋਂ ਨਿਕਲਣਾ ਬੰਦ ਕਰ ਦਿਓ, ਰਾਤ ਨੂੰ ਘਰੋਂ ਨਿਕਲਣਾ ਬੰਦ ਕਰ ਦਿਓ। ਸਾਰੀਆਂ ਪਾਬੰਦੀਆਂ ਕੁੜੀਆਂ ‘ਤੇ ਹੀ ਕਿਉਂ ਲਗਾਈਆਂ ਜਾਂਦੀਆਂ ਹਨ? ਸਰਕਾਰ ਆਪਣਾ ਕੰਮ ਕਰਨ ਵਿੱਚ ਨਾਕਾਮ ਹੈ। ਜੇ ਸਰਕਾਰ ਨਿਕੰਮੀ ਹੈ, ਤਾਂ ਕੀ ਉਹ ਔਰਤਾਂ ‘ਤੇ ਪਾਬੰਦੀ ਲਗਾ ਦੇਵੇਗੀ? ਸਰਕਾਰ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ ਅਤੇ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਕੀ ਸਰਕਾਰ ਦਿੱਲੀ ਦੇ ਅੰਦਰ ਸੁਰੱਖਿਆ ਨਹੀਂ ਦੇ ਸਕਦੀ? ਪੂਰੀ ਦਿੱਲੀ ਨੂੰ ਸੀਸੀਟੀਵੀ ਕੈਮਰਿਆਂ ਦੇ ਨੈੱਟਵਰਕ ਨਾਲ ਜੋੜੋ ਅਤੇ ਉਸ ਦੀ ਰੀਅਲ ਟਾਈਮ ਮਾਨੀਟਰਿੰਗ ਕਰੋ। ਸੈਂਟਰਲ ਕਮਾਂਡ ਸਟ੍ਰਕਚਰ ਬਣਾ ਕੇ ਜੇ ਰੀਅਲ ਟਾਈਮ ਮਾਨੀਟਰਿੰਗ ਸ਼ੁਰੂ ਕਰ ਦਿੱਤੀ ਜਾਵੇ ਅਤੇ ਥਾਂ-ਥਾਂ ਡਾਰਕ ਸਪਾਟਸ ‘ਤੇ ਸਟ੍ਰੀਟ ਲਾਈਟਾਂ ਲਗਾ ਦਿੱਤੀਆਂ ਜਾਣ, ਤਾਂ ਦੇਖਣਾ ਸਾਰੀਆਂ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗ ਪੈਣਗੀਆਂ। ਜਦੋਂ ਸਾਡੀ ਸਰਕਾਰ ਸੀ, ਤਾਂ ਅਸੀਂ 2,62,000 ਸੀਸੀਟੀਵੀ ਕੈਮਰੇ ਲਗਾਏ ਸਨ ਅਤੇ 2,80,000 ਸਟ੍ਰੀਟ ਲਾਈਟਾਂ ਲਗਵਾਈਆਂ ਸਨ। ਅੱਜ ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਕੰਮ ਨਹੀਂ ਕਰ ਰਹੇ, ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਹਰ ਕਾਲਜ ਦੇ ਅੰਦਰ ਦੋ-ਦੋ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਜਾਣ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਬਲਾਤਕਾਰ ਕਰਦਾ ਹੈ ਜਾਂ ਕਿਸੇ ਕੁੜੀ ਨਾਲ ਛੇੜਛਾੜ ਕਰਦਾ ਹੈ, ਤਾਂ ਉਹ ਤੁਰੰਤ ਇਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ ਅਤੇ ਪੂਰਾ ਪ੍ਰਸ਼ਾਸਨ ਉਸ ਬਲਾਤਕਾਰੀ ਨੂੰ ਬਚਾਉਣ ਵਿੱਚ ਲੱਗ ਜਾਂਦਾ ਹੈ। ਇਸ ਨਾਲ ਇਹ ਮੈਸੇਜ ਜਾਂਦਾ ਹੈ ਕਿ ਜੋ ਕੁੜੀਆਂ ਨਾਲ ਛੇੜਛਾੜ ਕਰੇਗਾ, ਉਹ ਇਨ੍ਹਾਂ ਦੀ ਪਾਰਟੀ ਵਿੱਚ ਚਲਾ ਜਾਵੇਗਾ ਅਤੇ ਉਸ ਦਾ ਕੁਝ ਨਹੀਂ ਵਿਗੜੇਗਾ। ਅੱਜ ਸਾਨੂੰ ਆਪਣੀਆਂ ਛਾਤਰਾਵਾਂ ਨੂੰ ਸੁਰੱਖਿਆ ਦੇਣੀ ਪਵੇਗੀ। ਔਰਤਾਂ ਨੂੰ ਇਹ ਲੈਕਚਰ ਦੇਣਾ ਬੰਦ ਕਰੋ ਕਿ 7 ਵਜੇ ਤੋਂ ਬਾਅਦ ਘਰੋਂ ਬਾਹਰ ਨਾ ਨਿਕਲੋ। ਉਹ ਵੀ ਇਸ ਦੇਸ਼ ਦੀਆਂ ਸੁਤੰਤਰ ਨਾਗਰਿਕ ਹਨ ਅਤੇ ਉਨ੍ਹਾਂ ਦੇ ਵੀ ਮੌਲਿਕ ਅਧਿਕਾਰ ਹਨ। ਉਹ ਵੀ ਇਨਸਾਨ ਹਨ। ਉਨ੍ਹਾਂ ਨੂੰ ਵੀ ਜਿਊਣ ਅਤੇ ਆਜ਼ਾਦੀ ਦਾ ਅਧਿਕਾਰ ਹੈ। ਉਨ੍ਹਾਂ ਨੂੰ ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਦੇਵੇ।







