ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸ਼ਾਸਤ ਚਾਰੇ ਰਾਜਾਂ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਮੁੜ ਸੱਤਾ ਵਿੱਚ ਆਉਣ ਦਾ ਦਾਅਵਾ ਕੀਤਾ ਹੈ, ਜਦਕਿ ਪੰਜਾਬ ਵਿੱਚ ਵੀ ਚੰਗੇ ਨਤੀਜੇ ਆਉਣ ਦੀ ਆਸ ਪ੍ਰਗਟਾਈ ਹੈ।
ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨ.ਡੀ.ਏ. ਸਰਕਾਰ ਨੇ ਗ਼ਰੀਬਾਂ, ਮਜ਼ਲੂਮਾਂ, ਵਾਂਝੇ ਅਤੇ ਸ਼ੋਸ਼ਿਤਾਂ ਨੂੰ ਤਾਕਤ ਦਿੱਤੀ ਹੈ, ਇਸ ਦਾ ਹਾਂ-ਪੱਖੀ ਅਸਰ ਇਨ੍ਹਾਂ ਚੋਣ ਪ੍ਰਚਾਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਨੱਡਾ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕੇਂਦਰ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਦਾ ਸਕਾਰਾਤਮਕ ਰਵੱਈਆ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਚੋਣ ਪ੍ਰਚਾਰ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਚਾਰ ਰਾਜਾਂ ਵਿਚ ਸਾਡੀਆਂ ਸਰਕਾਰਾਂ ਸਨ, ਉਨ੍ਹਾਂ ਦੇ ਲੋਕਾਂ ਨੇ ਸਾਨੂੰ ਦੁਬਾਰਾ ਚੁਣਨ ਦਾ ਫੈਸਲਾ ਕੀਤਾ ਹੈ। ਪੰਜਾਬ ‘ਚ ਪਹਿਲੀ ਵਾਰ 65 ਤੋਂ ਵੱਧ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੀ ਹੈ।
ਪੰਜਾਬ ਵਿੱਚ ਵੀ ਸਾਨੂੰ ਸਕਾਰਾਤਮਕ ਜਨਤਕ ਸਮਰਥਨ ਮਿਲਿਆ ਹੈ। ਸਾਡੀ ਪਾਰਟੀ ਪੰਜਾਬ ਵਿੱਚ ਬਿਹਤਰੀਨ ਪ੍ਰਦਰਸ਼ਨ ਕਰੇਗੀ।ਭਾਜਪਾ ਪ੍ਰਧਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕੋਈ ਸਖ਼ਤ ਮੁਕਾਬਲਾ ਨਹੀਂ ਹੈ, ਇਹ ਭਾਜਪਾ ਦੇ ਹੱਕ ਵਿੱਚ ਇੱਕ ਤਰਫਾ ਚੋਣ ਹੈ। ਭਾਜਪਾ ਦੇ ਫਤਵੇ ਦੇ ਕਮਜ਼ੋਰ ਹੋਣ ਦੀ ਉਮੀਦ ਰੱਖਣ ਵਾਲੇ ਨਿਰਾਸ਼ ਹੋਣਗੇ। ਭਾਜਪਾ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।