ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨ ਵਿੱਚ ਲਗਾਤਾਰ ਹੋ ਰਹੇ ਬੰਬ ਧਮਾਕਿਆਂ ਨਾਲ ਦੇਸ਼ ਦਾ ਸਾਈਬਰ ਸਿਸਟਮ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨਾਲ ਗੱਲ ਕੀਤੀ ਹੈ।
ਯੂਕਰੇਨ ਵਿੱਚ ਰੂਸੀ ਸੈਨਿਕਾਂ ਦੁਆਰਾ ਕੀਤੇ ਗਏ ਬੰਬ ਧਮਾਕਿਆਂ ਦੇ ਵਿਚਕਾਰ, ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਸਨੇ ਅਰਬਪਤੀ ਐਲੋਨ ਮਸਕ ਨਾਲ ਗੱਲ ਕੀਤੀ ਹੈ ਅਤੇ ਯੁੱਧ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਨੂੰ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਤੋਂ ਸਟਾਰਲਿੰਕ ਸੈਟੇਲਾਈਟ ਬਰਾਡਬੈਂਡ ਸਿਸਟਮ ਦਾ ਇੱਕ ਹੋਰ ਬੈਚ ਮਿਲਣ ਜਾ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਨੇ ਕਈ ਹੋਰ ਸੰਭਾਵਿਤ ਪੁਲਾੜ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ ਜੋ ਸਾਬਕਾ ਸੋਵੀਅਤ ਦੇਸ਼ ਅਤੇ ਸਪੇਸਐਕਸ ਵਿਚਕਾਰ ਸਾਂਝੇਦਾਰੀ ਵਿੱਚ ਅੱਗੇ ਵਧ ਸਕਦੇ ਹਨ। ਉਸਨੇ ਐਲੋਨ ਮਸਕ ਨਾਲ ਯੁੱਧ ਤੋਂ ਬਾਅਦ ਯੋਜਨਾਬੱਧ ਕੀਤੇ ਗਏ ਪੁਲਾੜ ਪ੍ਰੋਜੈਕਟਾਂ ਬਾਰੇ ਗੱਲ ਕੀਤੀ ਹੈ।
ਦੂਜੇ ਪਾਸੇ ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ ਅੱਜ 11 ਦਿਨ ਹੋ ਚੁੱਕੇ ਹਨ। ਬੀਤੇ ਦਿਨੀਂ ਯੂਕਰੇਨ ਵਿਚ ਯੁੱਧ ਵਿਰਾਮ ਦਾ ਐਲਾਨ ਕੀਤਾ ਗਿਆ ਸੀ ਪਰ ਕੁਝ ਘੰਟੇ ਬਾਅਦ ਹੀ ਇਸ ਨੂੰ ਖਤਮ ਕਰ ਦਿੱਤਾ ਗਿਆ। ਰੂਸ ਹੁਣ ਯੂਕਰੇਨ ‘ਤੇ ਪਹਿਲਾਂ ਦੀ ਤਰ੍ਹਾਂ ਹੀ ਹਵਾਈ ਤੇ ਜ਼ਮਨੀ ਹਮਲੇ ਕਰਨ ਨੂੰ ਤਿਆਰ ਹੈ।
ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਯੁਕਰੇਨ ਨਹੀਂ ਝੁਕਿਆ ਤਾਂ ਉਸ ਦਾ ਨਾਮੋਨਿਸ਼ਾਨ ਮਿਟਾ ਦੇਵਾਂਗੇ। ਜਵਾਬ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਹੈ ਕਿ ਅਸੀਂ ਆਜ਼ਾਦੀ ਲਈ ਲੜਾਂਗੇ ਤੇ ਕਿਸੇ ਦੇ ਸਾਹਮਣੇ ਨਹੀਂ ਝੁਕਾਂਗੇ।