ਪੰਜਾਬ ਅੰਦਰ ਜਨਾਨੀਆਂ ਵਾਸਤੇ ਮੁਫ਼ਤ ਬੱਸ ਸੇਵਾ 1 ਅਪਰੈਲ ਤੋਂ ਚਾਲੂ ਹੋ ਗਈ ਹੈ। ਹੁਣ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਰੋਡਵੇਜ਼ ਨੂੰ ਸਲਾਨਾ 217.90 ਕਰੋੜ ਦਾ ਘਾਟਾ ਪਵੇਗਾ। ਇਹ ਜ਼ਿਕਰ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਲਿਖੀ ਇੱਕ ਚਿੱਠੀ ਵਿੱਚ ਕੀਤਾ ਹੈ। ਇਸ ਚਿੱਠੀ ਮੁਤਾਬਕ ਸਾਲ 2019-20 ਦੌਰਾਨ ਪਨਬੱਸ ਦੀ ਰੂਟ ਆਮਦਨ 487.10 ਕਰੋੜ ਰਹੀ ਜਦਕਿ ਪੰਜਾਬ ਰੋਡਵੇਜ਼ ਦੀ 57.65 ਕਰੋੜ ਰੁਪਏ ਰਹੀ। ਇਨ੍ਹਾਂ ਦੋਨਾਂ ਤੋਂ ਕੁੱਲ੍ਹ ਆਮਦਨ 544.75 ਕਰੋੜ ਹੋਈ ਹੈ। ਇਸ ਵਿੱਚ ਜੇ ਕੇਵਲ ਮਹਿਲਾ ਯਾਤਰੀਆਂ ਨੂੰ 40 ਫੀਸਦ ਅਧਾਰ ਮੰਨ ਲਿਆ ਜਾਵੇ ਤਾਂ ਲਗਪਗ 217.90 ਕੋਰੜ ਰੁਪਏ ਰੂਟ ਆਮਦਨ ਕੇਵਲ ਮਹਿਲਾ ਯਾਤਰੀਆਂ ਵੱਲੋਂ ਪ੍ਰਾਪਤ ਹੋਈ ਹੈ।
ਚਿੱਠੀ ਵਿੱਚ ਸੰਭਾਵਨਾ ਜਤਾਈ ਗਈ ਹੈ ਕਿ ਜੇਕਰ ਮਹਿਲਾ ਯਾਤਰੀਆਂ ਨੂੰ ਮੁਫ਼ਤ ਸਹੂਲਤ ਦਿੱਤੀ ਜਾਂਦੀ ਹੈ ਤਾਂ ਪੰਜਾਬ ਰੋਡਵੇਜ਼ ਨੂੰ ਅੰਦਾਜ਼ਨ 217.90 ਕੋਰੜ ਦਾ ਸਲਾਨਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਦਫ਼ਤਰ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਪ੍ਰਤੀ-ਪੂਰਤੀ ਲਈ ਬਜਟ ਦੀ ਵਿਵਸਥਾ ਵਿੱਚ ਵੀ ਵਾਧਾ ਕਰਨਾ ਲੋੜੀਂਦਾ ਹੋਵੇਗਾ।