ਨਹੀਂ ਰੁਕ ਰਿਹਾ ਭਾਜਪਾ ਆਗੂਆਂ ਦਾ ਵਿਰੋਧ, ਹੁਸ਼ਿਆਰਪੁਰ ‘ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਘਿਰਾਓ !
ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਨੂੰ ਦਿੱਲੀ ਬੈਠਿਆਂ ਲੰਬਾ ਸਮਾਂ ਹੋ ਗਿਆ ਹੈ। ਬਿੱਲਾਂ ਦੇ ਵਿਰੋਧ ਨਾਲ਼ ਹੁਣ ਭਾਜਪਾ ਆਗੂਆਂ ਦਾ ਵਿਰੋਧ ਵੀ ਹੋ ਰਿਹਾ ਹੈ ਜੋ ਕਿ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।
ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ‘ਚ ਮੀਟਿੰਗ ਕਰਨ ਲਈ ਸਥਾਨਕ ਸ਼ਾਸਤਰੀ ਨਗਰ ‘ਚ ਸਥਿਤ ਭਾਜਪਾ ਦੇ ਦਫ਼ਤਰ ‘ਚ ਪੁੱਜੇ ਤਾਂ ਇਸ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਆਗੂ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮੌਕੇ ‘ਤੇ ਹੀ ਪਹੁੰਚ ਗਏ ਤੇ ਉਨ੍ਹਾਂ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ, ਇਸ ਮੌਕੇ ਪੁਲੀਸ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਪਹਿਲਾਂ ਹੀ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਘੰਟਾ ਘਰ ਨਜ਼ਦੀਕ ਹੀ ਬੈਰੀਕੇਡਿੰਗ ਕੀਤੀ ਗਈ ਸੀ। ਹਾਲਾਂਕਿ ਕਿਸਾਨਾਂ ਵੱਲੋਂ ਕਈ ਵਾਰ ਪੁਲੀਸ ਨਾਲ ਧੱਕਾ-ਮੁੱਕੀ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਵੀ ਕੀਤੀ ਗਈ,ਪਰ ਪੁਲੀਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਇਸ ਮੌਕੇ ਐੱਸ.ਪੀ ਰਵਿੰਦਰਪਾਲ ਸਿੰਘ ਸੰਧੂ ਅਤੇ ਐੱਸ.ਪੀ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਮੌਜੂਦ ਸਨ।