ਪੰਜਾਬ ’ਚ ਡੀ. ਜੇ. ’ਤੇ ਵੱਜਣ ਵਾਲੇ ਲੱਚਰ, ਸ਼ਰਾਬ ਅਤੇ ਹਥਿਆਰਾਂ ਵਾਲੇ ਗੀਤਾਂ ‘ਤੇ ਸਮੇਂ-ਸਮੇਂ ‘ਤੇ ਬੁੱਧੀਜੀਵੀਆਂ ਵੱਲੋਂ ਰੋਕ ਲਗਾਏ ਜਾਣ ਦਾ ਸੁਝਾਅ ਦਿੱਤਾ ਜਾਂਦਾ ਰਿਹਾ ਹੈ ਪਰ ਕਦੇ ਵੀ ਇਸ ‘ਤੇ ਸੰਪੂਰਨ ਰੋਕ ਨਹੀਂ ਲਗਾਈ ਗਈ। ਇਸਦਾ ਇਕ ਕਾਰਨ ਅਜਿਹੇ ਗੀਤ ਗਾਉਣ ਵਾਲੇ ਸਿੰਗਰ ਇਹ ਵੀ ਦਸਦੇ ਹਨ ਕਿ ਲੋਕ ਅਜਿਹੇ ਗਾਣਿਆਂ ਦੀ ਡਿਮਾਂਡ ਕਰਦੇ ਹਨ ਤਾਂ ਹੀ ਅਸੀਂ ਗਾਉਂਦੇ ਹਾਂ ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਿਉਂਕਿ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਲਾਅ ਐਂਡ ਆਰਡਰ ਈਸ਼ਵਰ ਸਿੰਘ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ‘ਚ ਲੱਚਰ, ਹਥਿਆਰਾਂ ਤੇ ਸ਼ਰਾਬ ਵਾਲੇ ਗੀਤਾਂ ‘ਤੇ ਰੋਕ ਲਗਾਏ ਜਾਣ ਦੀ ਗੱਲ ਕਹੀ ਹੈ।
ਇਸ ਸਬੰਧੀ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਪੱਤਰ ਭੇਜੇ ਗਏ ਹਨ। ਜਿਸ ’ਚ ਐੱਸ. ਐੱਸ. ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਏਰੀਏ ’ਚ ਜਾਂਚ ਕਰਨ ਕਿ ਡੀਜਿਆਂ ’ਤੇ ਲੱਚਰ, ਹਥਿਆਰਾਂ ਤੇ ਸ਼ਰਾਬ ਵਾਲੇ ਗੀਤ ਨਾ ਚਲਾਏ ਜਾਣ।