ਕੇਂਦਰ ਵੱਲੋਂ ਪੰਜਾਬ ਨੂੰ ਇਕ ਹੋਰ ਝਟਕਾ RDF ‘ਚ ਕੀਤੀ ਵੱਡੀ ਕਟੌਤੀ
ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ। ਪਹਿਲਾਂ ਸਿੱਧੀ ਅਦਾਇਗੀ ਨੂੰ ਲੈ ਕੇ ਫ਼ਿਰ ਬੰਧੂਆ ਮਜ਼ਦੂਰੀ ਤੇ ਹੁਣ ਰੂਰਲ ਡਿਵੈਲਪਮੈਂਟ ਫੰਡ ਘਟਾਉਣ ਨੂੰ ਲੈ ਕੇ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ। ਕੇਂਦਰ ਵੱਲੋਂ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ 3% ਤੋਂ ਘਟਾ ਕੇ 1% ਕਰ ਦਿੱਤਾ ਗਿਆ ਹੈ। ਕੇਂਦਰ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਫ਼ਸਲ ਦੀ ਖ਼ਰੀਦ ਸਬੰਧੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ,ਕੇਂਦਰ ਨੇ ਹੁਣ ਸਾਉਣੀ ਦੀ ਫ਼ਸਲ ਸਮੇਂ ਰੂਰਲ ਡਿਵੈਲਪਮੈਂਟ ਫੰਡ ਘਟਾ ਕੇ ਦੇਣ ਦੀ ਗੱਲ ਆਖੀ ਹੈ। ਜਿਸ ਨਾਲ਼ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਘਾਟਾ ਪੈਣ ਵਾਲ਼ਾ ਹੈ। ਕੇਂਦਰ ਵੱਲੋਂ ਫ਼ਸਲ ਦੀ ਖ਼ਰੀਦ ਲਈ ਜੋ ਕੈਸ਼ ਕਰੈਡਿਟ ਲਿਮਿਟ ਦਿੱਤੀ ਜਾਂਦੀ ਹੈ ਉਸ ਦਾ 3% ਰੂਰਲ ਡਿਵੈਲਪਮੈਂਟ ਫੰਡ ਪੰਜਾਬ ਮੰਡੀ ਬੋਰਡ ਨੂੰ ਜਾਂਦਾ ਹੈ, ਜਿਸ ਫੰਡ ਰਾਹੀਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿਚ ਉਹਨਾਂ ਲਿਖਿਆ ਹੈ ਕਿ ਕੇਂਦਰ ਜੋ ਕਰ ਰਹੀ ਹੈ ਉਹ ਫੈਡਰਲ ਢਾਂਚੇ ਦੇ ਖ਼ਿਲਾਫ਼ ਹੈ, ਕੇਂਦਰ ਨੂੰ ਇਹ ਫੰਡ ਨਹੀਂ ਘਟਾਉਣਾ ਚਾਹੀਦਾ ਕਿਉਂਕਿ ਪੰਜਾਬ ‘ਤੇ ਪਹਿਲਾਂ ਹੀ ਵਧੇਰੇ ਕਰਜ਼ਾ ਹੈ । ਜੇਕਰ ਕੇਂਦਰ ਸਰਕਾਰ RDF ‘ਚ ਕਟੌਤੀ ਕਰਦੀ ਹੈ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਨੂੰ ਕਰੋੜਾਂ ਦਾ ਘਾਟਾ ਪਵੇਗਾ ਜਿਸ ਦਾ ਪ੍ਰਭਾਵ ਪੰਜਾਬ ਦੇ ਪਿੰਡਾਂ ਦੇ ਵਿਕਾਸ ‘ਤੇ ਵੀ ਪਵੇਗਾ।