ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜੇਲ ਪ੍ਰਸ਼ਾਸਨ ਵਲੋਂ ਯੂ. ਪੀ. ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਅੰਸਾਰੀ ਦੀ ਸਪੁਰਦਗੀ ਤੋਂ ਬਾਅਦ ਯੂ. ਪੀ. ਪੁਲਸ ਉਸ ਨੂੰ ਲੈ ਕੇ ਰਵਾਨਾ ਹੋ ਗਈ ਹੈ। ਅੰਸਾਰੀ ਯੂ. ਪੀ. ਵਿਚ ਕਈ ਮਾਮਲਿਆਂ ’ਚ ਲੋੜੀਂਦਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਯੂ. ਪੀ. ਪੁਲਸ ਦੇ ਮੁਲਾਜ਼ਮ ਮੰਗਲਵਾਰ ਸਵੇਰੇ ਹੀ ਸੱਤ ਗੱਡੀਆਂ ਵਿਚ ਰੂਪਨਗਰ ਪੁਲਸ ਲਾਈਨ ਪੁੱਜੇ, ਜੋ ਕਿ ਰੂਪਨਗਰ ਜੇਲ੍ਹ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਹੈ ਅਤੇ ਸਾਰੀ ਕਾਰਵਾਈ ਤੋਂ ਬਾਅਦ ਰੂਪਨਗਰ ਜ਼ੇਲ੍ਹ ਪ੍ਰਸ਼ਾਸਨ ਵਲੋਂ ਉਸ ਨੂੰ ਯੂ. ਪੀ. ਪੁਲਸ ਹਵਾਲੇ ਕਰ ਦਿੱਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਸਾਰੀ ਰੰਗਦਾਰੀ ਦੇ ਇਕ ਮਾਮਲੇ ਵਿਚ ਜਨਵਰੀ 2019 ਤੋਂ ਪੰਜਾਬ ਦੀ ਜੇਲ੍ਹ ਵਿਚ ਬੰਦ ਹੈ। ਯੂ. ਪੀ. ਪੁਲਸ ਦਾ ਕਾਫਲਾ ਅੰਸਾਰੀ ਨੂੰ ਮੰਗਲਵਾਰ ਦੁਪਹਿਰ 2 ਵੱਜਕੇ 8 ਮਿੰਟ ‘ਤੇ ਲੈ ਕੇ ਰਵਾਨਾ ਹੋਇਆ।
ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਯੂ. ਪੀ. ਪੁਲਸ ਅੰਸਾਰੀ ਨੂੰ ਮੋਹਾਲੀ ਹਵਾਈ ਅੱਡੇ ਤੋਂ ਜਹਾਜ਼ ਰਾਹੀਂ ਲੈ ਕੇ ਜਾਵੇਗੀ ਪਰ ਇਹ ਕਾਫ਼ਲਾ ਸੜਕੀ ਮਾਰਗ ਰਹੀ ਹੀ ਰਵਾਨਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਅੰਸਾਰੀ ਨੂੰ ਯੂਪੀ ਦੀ ਬਾਂਦਾ ਜੇਲ੍ਹ ‘ਚ ਰੱਖਿਆ ਜਾਵੇਗਾ ਜੋ ਰੋਪੜ ਤੋਂ 882 ਕਿਲੋਮੀਟਰ ਹੈ।