ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਪਹੁੰਚੇ। ਜਿੱਥੇ ਉਨ੍ਹਾਂ ਦੇ ਨਾਲ ਮੌਕੇ ਤੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੀ ਮੌਜੂਦ ਸੀ। ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਜਿਹੀ ਪਲਾਨਿੰਗ ਕਰ ਰਹੇ ਹਾਂ ਕਿ ਅੰਗਰੇਜ਼ ਵੀ ਇਥੇ ਨੌਕਰੀਆਂ ਮੰਗਣ ਲਈ ਆਇਆ ਕਰਨਗੇ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਕੁੜੀਆਂ ’ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ।
ਇਸ ਤੋਂ ਇਲਾਵਾ ਭਰੂਣ ਹੱਤਿਆ ਨੂੰ ਰੋਕਣ ਦੀ ਅਪੀਲ ਕਰਦਿਆਂ ਉਨ੍ਹਾਂ ਦਾ ਸ਼ਾਇਰੀ ਅੰਦਾਜ਼ ਵੀ ਦੇਖਣ ਨੂੰ ਮਿਲਿਆ।
‘ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ, ਸੁਖਦੇਵ, ਭਗਤ ਸਿੰਘ ਮਾਵਾਂ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੁੱਖ ‘ਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ ਨੀ ਮਾਏ’
ਉਨ੍ਹਾਂ ਕਿਹਾ ਕਿ ਜਿਸ ਦਿਨ ਵਿਦਿਆਰਥੀਆਂ ਨੂੰ ਡਿਗਰੀ ਮਿਲਦੀ ਹੈ ਉਹ ਉਨ੍ਹਾਂ ਲਈ ਬਹੁਤ ਖਾਸ ਦਿਨ ਹੁੰਦਾ ਹੈ ਪਰ ਡਿਗਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਨਵਾਂ ਮੌੜ ਆਉਂਦਾ ਹੈ ਜਦੋਂ ਉਹ ਇੰਨਾਂ ਡਿਗਰੀਆਂ ਮੁਤਾਬਕ ਨੌਕਰੀਆਂ ਨਹੀਂ ਮਿਲਦੀਆਂ ਤੇ ਡਿਗਰੀਆਂ ਹਾਸਲ ਕਰਕੇ ਵੀ ਨੌਕਰੀਆਂ ਲਈ ਧੱਕੇ ਖਾਣੇ ਪੈਂਦੇ ਹਨ। ਆਈਲੈੱਟਸ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਮੈਂ ਅਜਿਹੇ ਬੱਚਿਆਂ ਨੂੰ ਵੀ ਜਾਣਦਾ ਹਾਂ ਜੋ ਪੀ. ਐੱਚ. ਡੀ., ਐੱਮ. ਬੀ. ਏ. ਕਰਕੇ ਆਈਲੈੱਟਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਤਾਂ ਯੂਨੀਵਰਸਿਟੀਆਂ ’ਚ ਬੱਚੇ ਨਹੀਂ ਹਨ ਕਿਉਂਕਿ ਉਹ 12ਵੀਂ ਤੋਂ ਬਾਅਦ ਆਈਲੈੱਟਸ ਕਰਕੇ ਵਿਦੇਸ਼ਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕਲਾ ਬੱਚਾ ਬਾਹਰ ਨਹੀਂ ਜਾਂਦਾ ਸਗੋਂ ਉਸ ਦੇ ਨਾਲ 15 ਲੱਖ ਪਰ ਹੈੱਡ ਤੇ ਸਾਰਾ ਪਰਿਵਾਰ ਵੀ ਨਾਲ ਜਾਂਦਾ ਹੈ।ਉਨ੍ਹਾਂ ਕਿਹਾ ਕਿ ਹੁਣ ਅਜਿਹੀਆਂ ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਦੀ ਲੋੜ ਹੈ, ਜਿਹੜੀਆਂ ਬੇਰੁਜ਼ਗਾਰ ਨਹੀਂ ਪੈਦਾ ਕਰਦੀਆਂ, ਜਿਹੜੀਆਂ ਇਕ ਸਿੱਖਿਅਤ ਟੈਕਨੀਕਲੀ ਐਜੂਕੇਸ਼ਨ ਵਿਦਿਆਰਥੀ ਪੈਦਾ ਕਰਦੀਆਂ ਹਨ। ਬੱਚਿਆਂ ਨੂੰ ਡਿਗਰੀ ਮੁਤਾਬਕ ਕੰਮ ਮਿਲੇ, ਉਸ ਦੇ ਲਈ ਇੰਡਸਟਰੀਆਂ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ।