ਬਿਨ੍ਹਾਂ ਕਿਸੇ ਡਰੋਂ ਬੇਬਾਕ ਆਪਣੀ ਗੱਲ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਆਪਣੇ ਇਸੇ ਅੰਦਾਜ਼ ਕਾਰਨ ਇਕ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਉਨ੍ਹਾਂ ਨਾਲ ਇਹ ਵਿਵਾਦ ਓਦੋ ਜੁੜਿਆ ਜਦੋਂ ਉਨ੍ਹਾਂ ਵੱਲੋਂ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜ਼ਾਹਿਲ ਪਾਰਟੀ ਅਤੇ ਭਾਜਪਾ ਵਰਕਰਾਂ ਨੂੰ ਗੁੰਡਾ ਕਹਿ ਦਿੱਤਾ। ਜਿਸ ‘ਤੇ ਹੁਣ ਭਾਜਯੁਮੋ ਦੇ ਉਪ-ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਉਨ੍ਹਾਂ ਨੂੰ ਈ-ਮੇਲ ਅਤੇ ਡਾਕ ਰਾਹੀਂ ਤਿੰਨ ਦਿਨਾਂ ’ਚ ਮੁਆਫ਼ੀ ਮੰਗਣ ਦਾ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਤੇ ਮੁਆਫ਼ੀ ਨਾ ਮੰਗਣ ’ਤੇ ਅਪਰਾਧਿਕ ਧਾਰਾਵਾਂ ’ਚ ਮੁਕੱਦਮਾ ਦਾਖ਼ਲ ਕਰਨ ਦੀ ਚਿਤਾਵਨੀ ਦਿੱਤੀ ਹੈ।
ਭਾਜਪਾ ਯੁਵਾ ਨੇਤਾ ਅਸ਼ੋਕ ਸਰੀਨ ਹਿੱਕੀ ਵੱਲੋਂ ਅੱਜ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਸ਼ੇਅਰ ਕੀਤੀ ਤੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀਆਂ ਖਾਮੀਆਂ, ਝੂਠ, ਫਰੇਬ ਜਗਜ਼ਾਹਿਰ ਕਰਨ ਕਰਕੇ ‘ਆਪ’ ਨੇਤਾ ਬੌਖਲਾ ਗਏ ਹਨ। ਉਹ ਇਹ ਭੁੱਲ ਗਏ ਹਨ ਕਿ ਭਾਜਪਾ ਆਪਣੇ ਕਰੋੜਾਂ ਵਰਕਰਾਂ ਦੀ ਨਿਰਸਵਾਰਥ ਮਿਹਨਤ ਅਤੇ ਲਗਨ ਨਾਲ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣੀ ਹੈ। ਇਸਦੀ ਭਾਰਤ ਦੇ 11 ਸੂਬਿਆਂ ’ਚ ਪੂਰਨ ਬਹੁਮਤ ਸਮੇਤ 17 ਸੂਬਿਆਂ ’ਚ ਗਠਜੋੜ ਦੀ ਸਰਕਾਰ ਹੈ। ਇੰਨਾ ਹੀ ਨਹੀਂ ਦੇਸ਼ ’ਚ ਸਭ ਤੋਂ ਜ਼ਿਆਦਾ 1379 ਵਿਧਾਇਕ, 400 ਤੋਂ ਜ਼ਿਆਦਾ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ ਹਨ ਅਤੇ 10 ਕਰੋੜ ਤੋਂ ਜ਼ਿਆਦਾ ਵਰਕਰ ਜਿਨ੍ਹਾਂ ’ਚ ਕਰੀਬ 3.50 ਕੋਰੜ ਜਨਾਨੀਆਂ ਵੀ ਸ਼ਾਮਿਲ ਹਨ।