ਪੰਜਾਬ ਵਿਚ ਫ਼ਸਲ ਖਰੀਦ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਹੋਵੇਗੀ। ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਉਦੋਂ ਫ਼ਸਲ ਖਰੀਦੇਗੀ, ਜਦੋਂ ਫ਼ਸਲ ਖਰੀਦ ਦੀ ਅਦਾਇਗੀ ਆੜ੍ਹਤੀਆਂ ਦੀ ਬਜਾਏ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਹੋਵੇਗੀ। ਪੰਜਾਬ ਸਰਕਾਰ ਦੇ ਵਫ਼ਦ ਦੇ ਨਾਲ ਲਗਭਗ 2 ਘੰਟੇ ਚੱਲੀ ਬੈਠਕ ਵਿਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅਦਾਇਗੀ ਸਬੰਧੀ ਮੰਗ ਨੂੰ ਸਿਰੇ ਤੋਂ ਠੁਕਰਾ ਦਿੱਤਾ।
ਵਫਦ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਜੇਇੰਦਰ ਸਿੰਗਲਾ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਦੇ ਏ. ਪੀ. ਸਿਨਹਾ ਸ਼ਾਮਲ ਸਨ। ਹਾਲਾਂਕਿ ਬੈਠਕ ਵਿਚ ਕੇਂਦਰ ਨੇ ਪੰਜਾਬ ਦੇ ਲੈਂਡ ਰਿਕਾਰਡ ਨੂੰ ਆਨਲਾਈਨ ਕਰਨ ਦਾ ਫ਼ੈਸਲਾ ਫਿਲਹਾਲ 6 ਮਹੀਨੇ ਲਈ ਟਾਲ ਦਿੱਤਾ ਹੈ।
ਆਸ਼ੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਫਦ ਨੇ ਸਿੱਧੀ ਅਦਾਇਗੀ ਲੈਂਡ ਰਿਕਾਰਡ ਨੂੰ ਆਨਲਾਈਨ ਕਰਨ, ਪੇਂਡੂ ਵਿਕਾਸ ਫੰਡ, ਕੇਂਦਰ ਵੱਲ ਵੱਖ-ਵੱਖ ਬਕਾਇਆ ਰਾਸ਼ੀ ਨੂੰ ਛੇਤੀ ਜਾਰੀ ਕਰਨ ਅਤੇ ਗੋਦਾਮਾਂ ਵਿਚ ਕੇਂਦਰ ਦੇ ਅਨਾਜ ਦੀ ਛੇਤੀ ਢੁਆਈ ਬਾਰੇ ਚਰਚਾ ਕੀਤੀ। ਕੇਂਦਰੀ ਮੰਤਰੀ ਨੇ ਪੇਂਡੂ ਵਿਕਾਸ ਫੰਡ ਦੀ ਬਕਾਇਆ ਰਾਸ਼ੀ ਜਾਰੀ ਕਰਨ ਬਾਰੇ ਕਿਹਾ ਕਿ ਸੂਬਾ ਸਰਕਾਰ ਫੰਡ ਵਿਚੋਂ ਪਹਿਲਾਂ ਖਰਚ ਰਾਸ਼ੀ ਦਾ ਹਿਸਾਬ ਦੇਵੇ।